ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸੀ.ਐੱਮ. ਚਿਹਰੇ ਦਾ ਰਸਮੀ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਮੋਹਾਲੀ ਪਹੁੰਚੇ ਅਤੇ ਭਗਵੰਤ ਮਾਨ ਦੇ ਕਹੇ ਮੁਤਾਬਕ ਲੋਕਾਂ ਦੀ ਰਾਏ ਜਾਣਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਦਾ ਸੀ.ਐਮ. ਚਿਹਰਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 3 ਦਿਨ ਵਿੱਚ 21.59 ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ। ਇਨ੍ਹਾਂ ਵਿਚੋਂ ਕਰੀਬ 15 ਲੱਖ ਲੋਕਾਂ ਨੇ ਭਗਨੰਤ ਮਾਨ ਦਾ ਨਾਮ ਲਿਆ।
ਇਹ ਵੀ ਦੱਸ ਦਈਏ ਕਿ ਭਗਵੰਤ ਮਾਨ ਦੇ ਨਾਮ ਦੇ ਨਾਲ-ਨਾਲ ਲੋਕਾਂ ਨੇ ਉਸ ਮੋਬਾਇਲ ਨੰਬਰ ‘ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਸੀ.ਐੱਮ. ਚਿਹਰਾ ਬਣਾਏ ਜਾਣ ਦਾ ਸੁਝਾਅ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ 93.3 ਫ਼ੀਸਦੀ ਅਤੇ ਨਵਜੋਤ ਸਿੱਧੂ ਨੂੰ ਸਿਰਫ 3.6 ਫ਼ੀਸਦੀ ਵੋਟ ਮਿਲੇ।
ਆਪਣੇ ਪ੍ਰੈਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਕਿਹਾ ਕਿ ਕਈ ਲੋਕਾਂ ਨੇ ਮੈਨੂੰ ਵੀ ਸੀ.ਐੱਮ. ਬਣਾਉਣ ਦੀ ਇੱਛਾ ਪ੍ਰਗਟਾਈ ਹੈ ਪਰ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਪੰਜਾਬ ਵਿੱਚ ਸੀ.ਐੱਮ. ਉਮੀਦਵਾਰ ਨਹੀਂ ਬਣਾਂਗਾ। ਉੱਥੇ ਹੀ ਕਾਂਗਰਸ ਵਿੱਚ ਵੀ ਸੀ.ਐੱਮ. ਚਿਹਰੇ ਨੂੰ ਲੈ ਕੇ ਖਿੱਚੋਂਤਾਣ ਜਾਰੀ ਹੈ। ਇਕ ਪਾਸੇ ਸੀ.ਐੱਮ. ਚੰਨੀ ਆਪਣੀ ਮਜ਼ਬੂਤ ਦਾਅਵੇਦਾਰੀ ਦਿਖਾ ਰਹੇ ਹਨ ਤਾਂ ਦੂਜੇ ਪਾਸੇ ਨਵਜੋਤ ਸਿੱਧੂ ਉਨ੍ਹਾਂ ਦਾ ਮੁਕਾਬਲੇ ਵਿੱਚ ਖੜ੍ਹੇ ਹਨ।