ਪੰਜਾਬ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਦੇ ਸਹਿਯੋਗ ਨਾਲ ਪੰਜਾਬ ਦੀਆਂ 19 ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਲਈ ਇੱਕ ਪੀਅਰ ਸਪੋਰਟ ਨੈੱਟਵਰਕ ਸ਼ੁਰੂ ਕੀਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਹਨਾਂ 19 ਜੇਲ੍ਹਾਂ ਵਿੱਚ 95 ਫ਼ੀਸਦ ਤੋਂ ਵੱਧ ਨਸ਼ੇ ਤੋਂ ਪੀੜਤ ਕੈਦੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੀਅਰ ਸਪੋਰਟ ਨੈਟਵਰਕ ਨੂੰ ਬਾਕੀ 6 ਜੇਲ੍ਹਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੀਅਰ ਸਪੋਰਟ ਆਊਟਪੇਸ਼ੈਂਟ ਓਪੀਔਡ ਅਸਿਸਟਡ ਟ੍ਰੀਟਮੈਂਟ (ਓਓਏਟੀ) ਮਾਡਲ ਦੇ 3 ਜ਼ਰੂਰੀ ਥੰਮ੍ਹਾਂ ਜਿਵੇਂ ਕਿ ਮੈਡੀਕੇਸ਼ਨ, ਪੀਅਰ ਸਪੋਰਟ ਅਤੇ ਕਾਉਂਸਲਿੰਗ, ਵਿੱਚੋਂ ਇੱਕ ਹੈ। ਬੈਂਸ ਨੇ ਕਿਹਾ ਕਿ ਨਸ਼ਾ ਪੀੜਤਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਦੇ ਇਲਾਜ ਦੌਰਾਨ ਸਹਾਇਤਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਲਾਜ ਸਫਲਤਾਪੂਰਕ ਨੇਪਰੇ ਚਾੜ੍ਹਿਆ ਜਾ ਸਕੇ।
ਮੰਤਰੀ ਨੇ ਅੱਗੇ ਕਿਹਾ ਕਿ ਇਹ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸਬੂਤ ਅਧਾਰਤ ਬਿਹਤਰ ਅਭਿਆਸਾਂ ਅਨੁਸਾਰ ਸਿਹਤ ਸੁਧਾਰ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਨਾਰਕੋਟਿਕਸ ਅਨੌਨੇਮਸ (ਐਨ.ਏ.) ਦੇ ਸਹਿਯੋਗ ਨਾਲ ਪੀਅਰ ਸਪੋਰਟ ਨੈਟਵਰਕ ਸਥਾਪਿਤ ਕੀਤਾ ਜਾਵੇਗਾ। ਨਾਰਕੋਟਿਕਸ ਅਨੌਨੇਮਸ (ਐਨ.ਏ.) ਇੱਕ ਕੌਮਾਂਤਰੀ ਨਾਨ-ਪਰਾਫਿਟ ਫੈਲੋਸ਼ਿਪ/ਸੋਸਾਇਟੀ ਹੈ ਜੋ ਨਸ਼ਿਆਂ ਨਾਲ ਨਜਿੱਠਣ ਲਈ ਪੁਰਸ਼ਾਂ ਅਤੇ ਮਹਿਲਾਵਾਂ ਦੀ ਮਦਦ ਕਰਦੀ ਹੈ। ਬੈਂਸ ਨੇ ਅੱਗੇ ਕਿਹਾ ਕਿ ਇਹ ਸੰਸਥਾ ਆਪਣਾ ਨਹੀਂ ਪ੍ਰਚਾਰ ਨਹੀਂ ਕਰਦੀ, ਸਗੋਂ ਜਨਤਕ ਜਾਣਕਾਰੀ ਅਤੇ ਆਊਟਰੀਚ ਰਾਹੀਂ ਨਵੇਂ ਮੈਂਬਰਾਂ ਨੂੰ ਜੋੜਦੀ ਹੈ।
ਮੰਤਰੀ ਨੇ ਕਿਹਾ ਕਿ ਨਾਰਕੋਟਿਕਸ ਅਨੌਨੇਮਸ ਇੱਕ 12-ਪੜਾਅ ਵਾਲੇ ਮਾਡਲ ਦੀ ਵਰਤੋਂ ਕਰਦਾ ਹੈ ਜੋ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨ.ਏ. ਅਨੁਸਾਰ ਨਸ਼ਾਖੋਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਐਨ.ਏ. 12-ਪੜਾਅ ਪ੍ਰੋਗਰਾਮ ਰਾਹੀਂ ਨਸ਼ਾ ਪੀੜਤਾਂ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਸੰਭਵ ਹੈ। ਬੈਂਸ ਨੇ ਹੋ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਸ ਸੰਸਥਾ ਦੇ 70000 ਸਰਗਰਮ ਵਲੰਟੀਅਰ ਹਨ ਜੋ ਕਿ 144 ਦੇਸ਼ਾਂ ਵਿੱਚ ਆਪਣੀ ਸੇਵਾਵਾਂ ਦੇ ਰਹੇ ਹਨ। ਭਾਰਤ ਵਿੱਚ ਵੀ ਇਸ ਦਾ ਇੱਕ ਵਿਸ਼ਾਲ ਨੈੱਟਵਰਕ ਹੈ ਅਤੇ ਪੰਜਾਬ ਵਿੱਚ ਵੀ ਇਸ ਦੀਆਂ ਮੀਟਿੰਗਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ।