ਸੁਪਰੀਮ ਕੋਰਟ ਨੇ ਅੰਤ੍ਰਿਮ ਹੁਕਮ ਦਿੰਦਿਆਂ ਮਹਿਲਾਵਾਂ ਨੂੰ 5 ਸਤੰਬਰ ਨੂੰ ਹੋਣ ਵਾਲੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਦੀ ਪ੍ਰੀਖਿਆ ਦੇਣ ਦੀ ਆਗਿਆ ਦੇ ਦਿੱਤੀ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਦਾਖ਼ਲੇ ਅਦਾਲਤ ਦੇ ਅੰਤਿਮ ਆਦੇਸ਼ਾਂ ਦੇ ਅਧੀਨ ਹੋਣਗੇ। ਕੇਂਦਰ ਦੀ ਦਲੀਲ ਨਾਲ ਅਸਹਿਮਤ ਹੁੰਦਿਆਂ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਰਿਸ਼ੀਕੇਸ਼ ਰਾਏ ਦੇ ਬੈਂਚ ਨੇ ਕਿਹਾ, “ਇਹ ਲਿੰਗ ਭੇਦਭਾਵ ‘ਤੇ ਅਧਾਰਤ ਨੀਤੀਗਤ ਫੈਸਲਾ ਹੈ। ਸਿਖਰਲੀ ਅਦਾਲਤ ਨੇ ਔਰਤਾਂ ਨੂੰ ਇਹ ਮੌਕਾ ਦੇਣ ਦਾ ਵਿਰੋਧ ਕਰਨ ਵਾਲੀ ਭਾਰਤੀ ਫੌਜ ਦੀ ਖਿਚਾਈ ਵੀ ਕੀਤੀ ਅਤੇ ਉਸ ਨੂੰ ਆਪਣਾ ਰਵੱਈਆ ਬਦਲਣ ਲਈ ਕਿਹਾ। ਸਿਖਰਲੀ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਔਰਤਾਂ ਐੱਨਡੀਏ ਵਿੱਚ ਦਾਖਲੇ ਲਈ ਪ੍ਰੀਖਿਆਵਾਂ ਲਈ ਬੈਠ ਸਕਦੀਆਂ ਹਨ, ਜੋ 5 ਸਤੰਬਰ ਨੂੰ ਹੋਣ ਵਾਲੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਦਾਖਲੇ ਤੇ ਹੋਰ ਪ੍ਰਕਿਰਿਆਵਾਂ ਲਈ ਅਦਾਲਤ ਆਪਣਾ ਅੰਤਮ ਆਦੇਸ਼ ਜਾਰੀ ਕਰੇਗੀ।