ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਦੀ ਸਿਹਤਯਾਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਗੋਆ ਵਿਖੇ ਮਿਤੀ 08 ਦਸੰਬਰ ਤੋਂ 11 ਦਸਬੰਰ ਤੱਕ ਆਯੋਜਿਤ ਨੌਂਵੀ ਵਿਸ਼ਵ ਆਯੂਰਵੇਦ ਕਾਂਗਰਸ ਵਿੱਚ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਕਾਂਗਰਸ ਵਿੱਚ ਸਿਹਤ ਸਕੱਤਰ ਪੰਜਾਬ ਅਜੌਏ ਸ਼ਰਮਾ, ਵਧੀਕ ਸਕੱਤਰ ਅਤੇ ਗੁਰੂ ਰਵੀਦਾਸ
ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਰਲਰ ਰਾਹੁਲ ਗੁਪਤਾ, ਰਾਜ ਦੇ ਆਯੂਰਵੈਦਿਕ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਅਤੇ ਆਯੂਰਵੈਦਿਕ ਮਾਹਿਰਾਂ ਨੇ ਵੀ ਭਾਗ ਲਿਆ। ਇਸ ਮੌਕੇ ਆਯੂਰਵੇਦ ਸਬੰਧੀ ਇੱਕ ਵਿਸ਼ਾਲ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਕਾਂਗਰਸ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਵਿੱਚ ਭਾਰਤ ਸਰਕਾਰ ਦੇ ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ, ਸਕੱਤਰ ਆਯੂਸ਼ ਮੰਤਰਾਲਾ ਭਾਰਤ ਸਰਕਾਰ ਰਾਜੇਸ਼ ਕੋਟੇਚਾ ਅਤੇ ਵੱਖ-ਵੱਖ ਸੂਬਿਆਂ ਦੇ ਸਿਹਤ ਮੰਤਰੀਆਂ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ।
ਇਸ ਵਿਸ਼ਵ ਪੱਧਰੀ ਆਯੂਰਵੈਦਿਕ ਕਾਂਗਰਸ ਵਿੱਚ ਆਪਣੇ ਸੰਬੋਧਨ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਅਜੋਕੇ ਵਿਸ਼ਵ ਵਿੱਚ ਸਿਹਤ ਪ੍ਰਤਿ ਜਾਗਰੂਕਤਾ ਵਧ ਰਹੀ ਹੈ ਅਤੇ ਲੋਕ ਆਪਣੇ ਆਪ ਨੂੰ ਸਵਸਥ ਰੱਖਣ ਲਈ ਯਤਨਸ਼ੀਲ ਹਨ। ਨਿਰੋਈ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਆਯੂਰਵੇਦ ਇੱਕ ਬਹੁਤ ਹੀ ਮਹੱਤਵਪੂਰਣ ਵਿਧੀ ਹੈ। ਅੱਜ ਪੂਰੀ ਦੁਨੀਆ ਆਯੂਰਵੇਦ ਨੂੰ ਅਪਣਾਕੇ ਸਿਹਤਮੰਦ ਹੋ ਰਹੀ ਹੈ। ਆਯੂਰਵੈਦਿਕ ਦਵਾਈਆਂ ਸਾਨੂੰ ਕੁਦਰਤੀ ਜੜ੍ਹੀ ਬੂਟੀਆਂ ਤੋਂ ਪ੍ਰਾਪਤ ਹੁੰਦੀਆਂ ਅਤੇ ਇਨ੍ਹਾਂ ਦਾ ਸਰੀਰ ‘ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਇਹ ਪ੍ਰਣਾਲੀ ਹਾਲਾਂਕਿ ਆਪਣਾ ਪ੍ਰਭਾਵ ਹੌਲੀ ਦਿਖਾਉਂਦੀ ਹੈ ਪਰ ਇਹ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ।
ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਇਸ ਪ੍ਰਾਚੀਨ ਵਿਧੀ ਤੇ ਭਰੋਸਾ ਕਰਨ ਅਤੇ ਇਸਨੂੰ ਆਪਣੇ ਜੀਵਨ ਵਿੱਚ ਅਪਨਾਉਣ ਤਾਂ ਜੋ ਅਸੀਂ ਭਾਰਤ ਨੂੰ ਰੋਗ ਮੁਕਤ ਬਣਾਉਣ ਦੇ ਟੀਚੇ ਨੂੰ ਹਾਸਲ ਕਰ ਸਕੀਏ। ਉਹਨਾਂ ਦੱਸਿਆ ਕਿ ਪਹਿਲਾਂ ਦੇ ਰਿਸ਼ੀ, ਮੁਨੀ, ਸੰਤ, ਮਹਾਤਮਾ ਜੰਗਲਾਂ ਵਿੱਚ ਰਹਿ ਕੇ ਆਯੂਰਵੈਦਿਕ ਜੜ੍ਹੀ ਬੂਟੀਆਂ ਦਾ ਹੀ ਸੇਵਨ ਕਰਦੇ ਸਨ ਅਤੇ ਉਹਨਾਂ ਦੀ ਉਮਰ 100 ਸਾਲਾਂ ਤੋਂ ਵੀ ਵੱਧ ਹੁੰਦੀ ਸੀ।
ਆਯੂਰਵੇਦ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਓਹਨਾਂ ਕਿਹਾ ਕਿ ਜਿੱਥੇ ਐਲੋਪੈਥੀ ਕੇਵਲ ਬਿਮਾਰੀ ਦੇ ਲੱਛਣਾਂ ਅਨੁਸਾਰ ਇਲਾਜ ਦੀ ਵਿਧੀ ਹੈ ਉੱਥੇ ਹੀ ਆਯੂਰਵੇਦ ਸਿਹਤ ਨੂੰ ਦਰੁਸਤ ਕਰਨ ਦੀ ਇੱਕ ਸੰਪੂਰਣ ਤਕਨੀਕ ਹੈ। ਆਯੂਰਵੇਦ ਨਾਲ ਨਾ ਕੇਵਲ ਰੋਗ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਸਗੋਂ ਰੋਗੀ ਹੋਣ ਤੋਂ ਵੀ ਬਚਿਆ ਜਾ ਸਕਦਾ ਹੈ। ਆਪਣੇ ਆਪ ਨੂੰ ਨਿਰੋਗੀ ਰੱਖਣ ਵਿੱਚ ਆਯੂਰਵੇਦ ਜਿਹੀ ਕੋਈ ਹੋਰ ਵਿਧੀ ਨਹੀਂ ਹੈ।
ਇਸ ਮੌਕੇ ਸਿਹਤ ਮੰਤਰੀ ਵੱਲੋਂ ਪੰਜਾਬ ਵਿੱਚ ਸਥਾਪਿਤ ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਯੂਨੀਵਰਸਿਟੀ ਵੱਲੋਂ ਆਯੂਰਵੇਦ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।
ਇਸ ਕਾਂਗਰਸ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਚੇਅਰਮੈਨ ਆਯੂਰਵੈਦ ਰਾਕੇਸ਼ ਸ਼ਰਮਾ, ਰਜਿਸਟਰਾਰ ਸੰਜੀਵ ਗੋਇਲ, ਆਯੂਰਵੈਦਿਕ ਮਾਹਿਰ ਅਨਿਲ ਭਾਰਦਵਾਜ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h