ਭਾਰਤ ਵਿੱਚ ਹੋਣ ਵਾਲਾ FIH ਪੁਰਸ਼ ਹਾਕੀ ਵਿਸ਼ਵ ਕੱਪ 2023, ਭੁਵਨੇਸ਼ਵਰ ਦੇ ਅਤਿ-ਆਧੁਨਿਕ ਕਲਿੰਗਾ ਹਾਕੀ ਸਟੇਡੀਅਮ ਅਤੇ ਰੁੜਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਵਿੱਚ ਚਾਰ ਨਵੀਆਂ ਪਿੱਚਾਂ ‘ਤੇ ਖੇਡਿਆ ਜਾਵੇਗਾ। ਵਿਸ਼ਵ ਕੱਪ ਇਨ੍ਹਾਂ ਦੋਵਾਂ ਥਾਵਾਂ ‘ਤੇ 13 ਤੋਂ 29 ਜਨਵਰੀ ਤੱਕ ਖੇਡਿਆ ਜਾਵੇਗਾ। ਕਲਿੰਗਾ ਸਟੇਡੀਅਮ ਵਿੱਚ ਮੇਨ ਪਿੱਚ ਅਤੇ ਪ੍ਰੈਕਟਿਸ ਪਿੱਚ ਦੋਵੇਂ ਨਵੀਂਆਂ ਰੱਖੀਆਂ ਗਈਆਂ ਹਨ, ਜਦੋਂ ਕਿ ਬਿਰਸਾ ਮੁੰਡਾ ਸਟੇਡੀਅਮ ਵਿੱਚ ਅੰਤਰਰਾਸ਼ਟਰੀ ਹਾਕੀ ਕੌਂਸਲ ਵਲੋਂ ਪ੍ਰਮਾਣਿਤ ਨਵੀਆਂ ਪਿੱਚਾਂ ‘ਤੇ ਮੈਚ ਖੇਡੇ ਜਾਣਗੇ। ਹਾਕੀ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਮੈਚ ਬਿਰਸਾ ਮੁੰਡਾ ਹਾਕੀ ਸਟੇਡੀਅਮ ਰੁੜਕੇਲਾ ਅਤੇ ਕਲਿੰਗਾ ਹਾਕੀ ਸਟੇਡੀਅਮ ਭੁਵਨੇਸ਼ਵਰ ਵਿੱਚ ਨਵੀਆਂ ਬਣਾਈਆਂ ਪਿੱਚਾਂ ‘ਤੇ ਖੇਡੇ ਜਾਣਗੇ, ਜੋ ਹਾਕੀ ਦੇ ਕਈ ਇਤਿਹਾਸਕ ਮੈਚਾਂ ਦਾ ਗਵਾਹ ਰਿਹਾ ਹੈ।”
ਇਸ ਮੁਕਾਬਲੇ ‘ਚ ਦੁਨੀਆ ਦੀਆਂ ਟਾਪ 16 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ‘ਚ ਮੇਜ਼ਬਾਨ ਭਾਰਤ ਵੀ ਸ਼ਾਮਲ ਹੈ। ਇਨ੍ਹਾਂ 16 ਟੀਮਾਂ ਨੂੰ ਚਾਰ ਪੂਲ ਵਿੱਚ ਵੰਡਿਆ ਗਿਆ ਹੈ। ਭਾਰਤ ਪੂਲ ਡੀ ਵਿੱਚ ਹੈ ਜਿੱਥੇ ਉਸਦਾ ਸਾਹਮਣਾ ਇੰਗਲੈਂਡ, ਸਪੇਨ ਅਤੇ ਵੇਲਜ਼ ਨਾਲ ਹੋਵੇਗਾ। ਹਰੇਕ ਪੂਲ ਟਾਪ ਚੋਟੀ ਦੀ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰੇਗੀ ਜਦੋਂ ਕਿ ਚਾਰੇ ਪੂਲ ਦੀਆਂ ਅੱਠ ਟੀਮਾਂ ਆਖਰੀ ਅੱਠ ਵਿੱਚ ਥਾਂ ਬਣਾਉਣ ਲਈ ਕਰਾਸ ਓਵਰ ਮੈਚ ਖੇਡਣਗੇ।