ਠੰਢ ਦੇ ਮੌਸਮ ‘ਚ ਜ਼ਿਆਦਾਤਰ ਲੋਕ ਸ਼ਹਿਦ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਸ਼ਹਿਦ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਲਈ ਫਾਇਦੇਮੰਦ ਸਾਬਤ ਹੁੰਦੇ ਹਨ। ਕੁਝ ਲੋਕ ਮੰਨਦੇ ਹਨ ਕਿ ਸ਼ਹਿਦ ਇੱਕ ਕੁਦਰਤੀ ਮਿਠਾਸ ਹੈ ਅਤੇ ਸ਼ੂਗਰ ਦੇ ਮਰੀਜ਼ ਵੀ ਖੰਡ ਦੀ ਬਜਾਏ ਇਸਦਾ ਸੇਵਨ ਕਰ ਸਕਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਸ਼ੂਗਰ ਦੇ ਰੋਗੀਆਂ ਲਈ ਸ਼ਹਿਦ ਖਾਣਾ ਸੱਚਮੁੱਚ ਫਾਇਦੇਮੰਦ ਹੈ ?
ਸ਼ੂਗਰ ਦੇ ਰੋਗੀਆਂ ਲਈ ਸ਼ਹਿਦ ਦਾ ਸੇਵਨ ਕਿਸੇ ਵੀ ਤਰ੍ਹਾਂ ਨਾਲ ਫਾਇਦੇਮੰਦ ਨਹੀਂ ਹੁੰਦਾ। ਸ਼ਹਿਦ ‘ਚ ਸ਼ੂਗਰ ਤੋਂ ਜ਼ਿਆਦਾ ਕਾਰਬੋਹਾਈਡ੍ਰੇਟ, ਕੈਲੋਰੀ ਅਤੇ ਮਿਠਾਸ ਹੁੰਦੀ ਹੈ, ਜਿਸ ਕਾਰਨ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਸਕਦੀ ਹੈ। ਜੇਕਰ ਸ਼ੂਗਰ ਦੇ ਮਰੀਜ਼ ਸ਼ਹਿਦ ਖਾਣਾ ਪਸੰਦ ਕਰਦੇ ਹਨ ਤਾਂ ਇਸ ਦੀ ਥੋੜ੍ਹੀ ਮਾਤਰਾ ‘ਚ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾ ਕਿ, ਇਸ ਤੋਂ ਕਿਸੇ ਵੀ ਕਿਸਮ ਦੇ ਲਾਭ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਇੱਕ ਚਮਚ ਸ਼ਹਿਦ ਵਿੱਚ ਲਗਭਗ 64 ਕੈਲੋਰੀ, 17 ਗ੍ਰਾਮ ਚੀਨੀ, 17 ਗ੍ਰਾਮ ਕਾਰਬੋਹਾਈਡਰੇਟ, 0.06 ਗ੍ਰਾਮ ਪ੍ਰੋਟੀਨ ਅਤੇ 0.04 ਗ੍ਰਾਮ ਫਾਈਬਰ ਹੁੰਦਾ ਹੈ। ਸ਼ਹਿਦ ‘ਚ ਪੋਟਾਸ਼ੀਅਮ, ਕੈਲਸ਼ੀਅਮ, ਜ਼ਿੰਕ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਹੁੰਦੇ ਹਨ ਪਰ ਇਨ੍ਹਾਂ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਸ਼ਹਿਦ ਦਾ ਸੇਵਨ ਸਿਹਤਮੰਦ ਲੋਕਾਂ ਲਈ ਫਾਇਦੇਮੰਦ ਹੋ ਸਕਦਾ ਹੈ ਪਰ ਸ਼ੂਗਰ ਦੇ ਮਰੀਜ਼ਾਂ ਨੂੰ ਸ਼ਹਿਦ ਤੋਂ ਬਚਣਾ ਚਾਹੀਦਾ ਹੈ। ਇਹ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਜ਼ਿਆਦਾ ਹੈ ਤਾਂ ਸ਼ਹਿਦ ਦਾ ਸੇਵਨ ਕਰਨ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।