ਮਨਦੀਪ ਸਿੰਘ ਪੂਨੀਆ
ਗੱਲ ਵਿਸ਼ਵ ਸ਼ਾਂਤੀ ਦੀ ਹੋਵੇ ਜਾਂ ਵਾਤਾਵਰਨ ਸੁਰੱਖਿਆ ਦੀ, ਨੌਰਵੇ ਨੇ ਹਮੇਸ਼ਾਂ ਪਹਿਲਕਦਮੀ ਕੀਤੀ ਹੈ ਅਤੇ ਦੂਸਰੇ ਮੁਲਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਾਇਤਾ ਕੀਤੀ ਹੈ। ਤਕਰੀਬਨ 385207 ਵਰਗ ਕਿਲੋਮੀਟਰ ਖੇਤਰਫਲ ਵਾਲਾ ਖ਼ੂਬਸੂਰਤ ਵਾਦੀਆਂ ਨਾਲ ਘਿਰਿਆ ਇਹ ਦੇਸ਼ ਵਾਤਾਵਰਨ ਤਬਦੀਲੀ ਸੰਬੰਧੀ ਬਹੁਤ ਫ਼ਿਕਰਮੰਦ ਹੈ। ਜਲਵਾਯੂ ਜਾਂ ਇੱਥੋਂ ਦੇ ਧਰਾਤਲ ਕਾਰਨ ਖੇਤੀਬਾੜੀ ਨੌਰਵੇ ਦਾ ਵੱਡਾ ਕਿੱਤਾ ਨਹੀਂ ਹੈ ਪਰ ਫਿਰ ਵੀ ਕਿਸਾਨਾਂ ਇੱਥੇ ਹਰ ਕਿਸਮ ਦੀ ਫ਼ਸਲ ਪੈਦਾ ਕਰ ਲੈਂਦੇ ਹਨ। ਨੌਰਵੇ ਨੇ ਸੰਸਾਰ ਵਿੱਚ ਹੋ ਰਹੀ ਵਾਤਾਵਰਨ ਤਬਦੀਲੀ ਦੇ ਮੱਦੇਨਜ਼ਰ ਹੋਰ ਮੁਲਕਾਂ ਨਾਲ ਮਿਲ ਕੇ ਇੱਕ ਵਿਲੱਖਣ ਉਪਰਾਲਾ ਕੀਤਾ ਹੈ ਅਤੇ ਉਹ ਹੈ ਸੰਸਾਰ ਦੇ ਬੀਜਾਂ ਦਾ ਇੱਕ ਜਗ੍ਹਾ ਭੰਡਾਰਨ ਜਾਂ ਬੈਕਅੱਪ। ਪੂਰੀ ਦੁਨੀਆ ਵਿੱਚ ਤਕਰੀਬਨ 1750 ਬੀਜ ਬੈਂਕ ਹਨ ਅਤੇ ਇਨ੍ਹਾਂ ਸਾਰੇ ਬੀਜ ਬੈਂਕਾਂ ਵਾਸਤੇ ਇੱਕ ਬੈਕਅੱਪ ਬੀਜ ਬੈਂਕ ਹੈ ਜਿਸ ਨੂੰ ‘ਸਵਾਲਬਾਡ ਗਲੋਬਲ ਸੀਡ ਵਾਲਟ’ ਕਿਹਾ ਜਾਂਦਾ ਹੈ।
ਨੌਰਵੇ ਦੇ ਉੱਤਰ ਵਿੱਚ ਤਕਰੀਬਨ 61045 ਵਰਗ ਕਿਲੋਮੀਟਰ ਖੇਤਰਫਲ ਵਾਲੇ ਟਾਪੂਆਂ ਦੇ ਇੱਕ ਸਮੂਹ ਨੂੰ ਸਵਾਲਬਾਡ (Svalbard) ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੋਂ ਦੀ ਆਬਾਦੀ ਤਕਰੀਬਨ 2884 ਹੈ। ਸਵਾਲਬਾਡ ਦੇ ਟਾਪੂ ਸਪਿਟਸਬਰਗਨ ਵਿੱਚ ਇੱਕ ਨਿੱਕੇ ਜਿਹੇ ਸ਼ਹਿਰ ਲਾਂਗਈਅਰਬਾਈਨ (Longyearbyen) ਵਿੱਚ ਹੈ ਦੁਨੀਆਂ ਦੇ ਸਾਰੇ ਖੁਰਾਕੀ ਫ਼ਸਲੀ ਬੀਜਾਂ ਦਾ ਅੰਤਰਰਾਸ਼ਟਰੀ ਬੈਕਅੱਪ ਸਟੋਰ। ਇਹ ਪ੍ਰਬੰਧ ਕਿਸੇ ਵੀ ਕਿਸਮ ਦੀ ਕੁਦਰਤੀ ਆਫ਼ਤ, ਯੁੱਧ ਜਾਂ ਕਿਸੇ ਵੱਡੀ ਘਟਨਾ/ਦੁਰਘਟਨਾ ਕਾਰਨ ਹੋ ਸਕਣ ਵਾਲੀ ਫ਼ਸਲੀ ਤਬਾਹੀ ਦੀ ਸੂਰਤ ਵਿੱਚ ਬੀਜਾਂ ਨੂੰ ਸੁਰੱਖਿਅਤ ਰੱਖ ਕੇ ਦੁਬਾਰਾ ਉਗਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਉਦਾਹਰਨ ਵਜੋਂ, ਸੀਰੀਆ ਵਿੱਚ ਘਰੇਲੂ ਯੁੱਧ ਕਾਰਨ ਆਈ.ਸੀ.ਏ.ਆਰ.ਡੀ.ਏ. (ਇੰਟਰਨੈਸ਼ਨਲ ਸੈਂਟਰ ਫਾਰ ਐਗਰੀਕਲਚਰ ਰਿਸਰਚ ਇਨ ਡਰਾਈ ਏਰੀਆ) ਸੀਰੀਆ ਸਥਿਤ ਆਪਣੇ ਜੀਨ ਬੈਂਕਾਂ ਨੂੰ ਕਾਇਮ ਰੱਖਣ ਵਿੱਚ ਅਸਫ਼ਲ ਰਹੀ ਸੀ। ਇਸ ਨੇ ਬਾਅਦ ਵਿੱਚ ‘ਸਵਾਲਬਾਡ ਗਲੋਬਲ ਸੀਡ ਵਾਲਟ’ ਵਿੱਚ ਪਏ ਆਪਣੇ ਬੈਕਅੱਪ ਨਮੂਨਿਆਂ ਨੂੰ ਵਾਪਸ ਲੈ ਕੇ ਖੇਤੀ ਬਹਾਲ ਕੀਤੀ।
ਸੀਡ ਵਾਲਟ ਦਾ ਪ੍ਰਬੰਧ ਨੌਰਵੇ ਦੀ ਸਰਕਾਰ, ਫ਼ਸਲ ਟਰੱਸਟ ਅਤੇ ਨੌਰਡਿਕ ਜੈਨੇਟਿਕ ਰਿਸੋਰਸ ਸੈਂਟਰ ਵੱਲੋਂ ਕੀਤਾ ਜਾਂਦਾ ਹੈ ਜਿਸ ਵਿੱਚ ਨੌਰਵੇ ਸਰਕਾਰ ਬੀਜ ਵਾਲਟ ਦੀ ਮਾਲਕ ਹੈ, ਫ਼ਸਲ ਟਰੱਸਟ ਚੱਲ ਰਹੇ ਕਾਰਜਾਂ ਲਈ ਫੰਡ ਮੁਹੱਈਆ ਕਰਦਾ ਹੈ ਅਤੇ ਜਮ੍ਹਾਂਕਰਤਾਵਾਂ ਨੂੰ ਮਾਲ ਦੀ ਤਿਆਰੀ ਵਿੱਚ ਵਿੱਤੀ ਸਹਾਇਤਾ ਦਿੰਦਾ ਹੈ। ਨੌਰਡਿਕ ਜੈਨੇਟਿਕ ਸੈਂਟਰ ਬੀਜਾਂ ਦੇ ਡੇਟਾਬੇਸ ਨੂੰ ਸੰਭਾਲਣ ਦਾ ਕੰਮ ਕਰਦਾ ਹੈ। ਹਰ ਬੀਜ ਜਮ੍ਹਾਂਕਰਤਾ ਆਪਣੇ ਬੀਜਾਂ ਦੀ ਮਾਲਕ ਹੈ ਅਤੇ ਨੌਰਵੇ ਸਰਕਾਰ ਜਾਂ ਦੂਸਰੇ ਟਰੱਸਟ ਉਸ ਉੱਪਰ ਮਾਲਕੀ ਨਹੀਂ ਜਤਾ ਸਕਦੇ। ਇਸ ਤੋਂ ਇਲਾਵਾ ਹੋਰ ਕੋਈ ਵੀ ਖੋਜਕਰਤਾ ਬੀਜਾਂ ਤੱਕ ਸਿਰਫ਼ ਬੀਜ ਮਾਲਕ ਦੀ ਇਜਾਜ਼ਤ ਨਾਲ ਹੀ ਪਹੁੰਚ ਕਰ ਸਕਦੇ ਹਨ ਨਾ ਕਿ ਨੌਰਵੇ ਸਰਕਾਰ ਜਾਂ ਬੀਜ ਵਾਲਟ ਦੀ ਆਗਿਆ ਨਾਲ।
ਅਸਲ ਵਿੱਚ ਸਵਾਲਬਾਡ ਗਲੋਬਲ ਸੀਡ ਵਾਲਟ ਦੀ ਸ਼ੁਰੂਆਤ 1984 ਵਿੱਚ ਨੌਰਡਿਕ ਜੀਨ ਬੈਂਕ (ਹੁਣ ਨੌਰਡਜੈੱਨ) ਨੇ ਕੀਤੀ, ਜਦ ਉਨ੍ਹਾਂ ਨੇ ਸਪਿਟਸਬਰਗਨ ਦੀ ਇੱਕ ਪੁਰਾਣੀ ਕੋਲ਼ੇ ਦੀ ਖਾਣ ਵਿੱਚ ਜੰਮੇ ਹੋਏ ਬੀਜਾਂ ਦੇ ਜਰਮਪਲਾਜ਼ਮ ਨੂੰ ਸਟੋਰ ਕੀਤਾ ਪਰ ਕੌਮਾਂਤਰੀ ਪੱਧਰ ’ਤੇ ਇਸ ਦੀ ਸ਼ੁਰੂਆਤ 2004 ਵਿੱਚ ਹੋਈ। ਪ੍ਰਸਿੱਧ ਅਮਰੀਕੀ ਖੇਤੀਬਾੜੀ ਵਿਗਿਆਨੀ ਅਤੇ ਕਰੌਪ ਟਰੱਸਟ ਦੇ ਡਾਇਰੈਕਟਰ ਕੈਰੀ ਫੋਲਰ ਨੇ ਕੌਮਾਂਤਰੀ ਖੇਤੀਬਾੜੀ ਖੋਜ ਕੇਂਦਰ ਨਾਲ ਮਿਲ ਕੇ ਸੀਡ ਵਾਲਟ ਦੇ ਵਿਕਾਸ ਲਈ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਉਸ ਨੇ ਨੌਰਵੇ ਸਰਕਾਰ ਤੱਕ ਪਹੁੰਚ ਕੀਤੀ ਅਤੇ ਖੋਜ ਕਰ ਕੇ ਸਹਿਮਤੀ ਜਤਾਈ ਕਿ ਸਵਾਲਬਾਡ ਬੀਜਾਂ ਦਾ ਲੰਮੇ ਸਮੇਂ ਲਈ ਭੰਡਾਰਨ ਕਰਨ ਵਾਸਤੇ ਢੁੱਕਵਾਂ ਸਥਾਨ ਹੈ। ਸਾਲ 2004 ਵਿੱਚ ਹੀ ਕੁਝ ਕੌਮਾਂਤਰੀ ਪ੍ਰਕਿਰਿਆਵਾਂ ਮਗਰੋਂ ਨੌਰਵੇ ਸਰਕਾਰ ਨੇ ਸੀਡ ਵਾਲਟ ਲਈ ਲਗਭਗ 45 ਮਿਲੀਅਨ ਕਰੋਨੇ ਫੰਡ ਦੇ ਕੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਦਾ ਨੀਂਹ ਪੱਥਰ ਨੌਰਵੇ, ਸਵੀਡਨ, ਫਿਨਲੈਂਡ, ਡੈਨਮਾਰਕ ਅਤੇ ਆਈਸਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ ’ਤੇ ਰੱਖਿਆ। ਸਪਿਟਸਬਰਗਨ ਟਾਪੂ ਉੱਪਰ ਬਣਿਆ ਇਹ ਬੀਜ ਵਾਲਟ ਸਮੁੰਦਰੀ ਤਲ ਤੋਂ 430 ਫੁੱਟ ਉਚਾਈ ਉੱਪਰ ਬਣਾਇਆ ਗਿਆ ਹੈ। ਭਾਵੇਂ ਕਿੰਨੀ ਵੀ ਬਰਫ਼ ਪਿਘਲ ਜਾਵੇ, ਇੰਨੀ ਉਚਾਈ ’ਤੇ ਹੋਣ ਕਰਕੇ ਇਹ ਪਾਣੀ ਦੀ ਮਾਰ ਤੋਂ ਬਚਣ ਦੇ ਸਮਰੱਥ ਹੈ। 2016 ਵਿੱਚ ਗਰਮੀ ਅਤੇ ਭਾਰੀ ਬਾਰਿਸ਼ ਕਾਰਨ ਇਸ ਦੇ ਪ੍ਰਵੇਸ਼ ਦੁਆਰ ਵਿੱਚ ਪਾਣੀ ਵੜ ਗਿਆ ਸੀ। ਇਹ ਪਾਣੀ ਕੁਝ ਮੀਟਰ ਤੱਕ ਜਾਣ ਤੋਂ ਪਹਿਲਾਂ ਹੀ ਜੰਮ ਗਿਆ ਸੀ। ਇਸ ਕਾਰਨ 2019 ਵਿੱਚ ਇਮਾਰਤ ਨੂੰ ਹੋਰ ਵੀ ਸੁਰੱਖਿਅਤ ਕਰ ਕੇ ਯਕੀਨੀ ਬਣਾਇਆ ਗਿਆ ਕਿ ਭਵਿੱਖ ਵਿੱਚ ਅਜਿਹਾ ਖ਼ਤਰਾ ਪੈਦਾ ਨਾ ਹੋਵੇ। ਇਸ ਤੋਂ ਇਲਾਵਾ ਇਸ ਜਗ੍ਹਾ ਦਾ ਤਾਪਮਾਨ ਕੌਮਾਂਤਰੀ ਪੱਧਰ ’ਤੇ ਬੀਜਾਂ ਲਈ ਸਿਫ਼ਾਰਿਸ਼ ਕੀਤੇ ਤਾਪਮਾਨ ਦੇ ਮਾਪਦੰਡ ਉੱਪਰ ਖਰਾ ਉਤਰਦਾ ਹੈ। ਇਹ ਇੰਨਾ ਢੁੱਕਵਾਂ ਹੈ ਕਿ ਇਸ ਅੰਦਰ ਭੰਡਾਰ ਕੀਤੇ ਬੀਜ ਸੈਂਕੜੇ ਸਾਲਾਂ ਤੱਕ ਸੁਰੱਖਿਅਤ ਰਹਿ ਸਕਦੇ ਹਨ। ਇੱਥੋਂ ਤੱਕ ਕਿ ਕੁਝ ਬੀਜ ਤਾਂ ਹਜ਼ਾਰਾਂ ਸਾਲਾਂ ਤੱਕ ਵੀ ਸੁਰੱਖਿਅਤ ਰਹਿ ਸਕਦੇ ਹਨ।
ਸੀਡ ਵਾਲਟ 26 ਫਰਵਰੀ 2008 ਨੂੰ ਖੋਲ੍ਹਿਆ ਗਿਆ ਜਿਸ ਦੌਰਾਨ ਪਹਿਲੇ 90,000 ਤੋ ਵੱਧ ਫ਼ਸਲਾਂ ਦੇ ਬੀਜ ਸੁਰੱਖਿਅਤ ਰੱਖੇ ਗਏ। ਸੀਡ ਵਾਲਟ ਨੇ 2021 ਤੱਕ 10,81,026 ਵੱਖ ਵੱਖ ਖੁਰਾਕੀ ਫ਼ਸਲਾਂ ਦੇ ਨਮੂਨੇ ਸੁਰੱਖਿਅਤ ਕਰ ਲਏ ਹਨ ਜੋ ਕਿ 13000 ਹਜ਼ਾਰ ਸਾਲ ਤੋਂ ਵੱਧ ਦੇ ਖੇਤੀਬਾੜੀ ਇਤਿਹਾਸ ਦਾ ਪ੍ਰਗਟਾਵਾ ਕਰਦੇ ਹਨ। ਸੀਡ ਵਾਲਟ ਵਿੱਚ ਕੁੱਲ ਬੀਜਾਂ ਦੀ ਗਿਣਤੀ 2 ਕਰੋੜ ਤੋਂ ਵੱਧ ਹੈ ਅਤੇ ਇਸ ਵਿੱਚ ਕਿਸੇ ਵੀ ਕਿਸਮ ਦੇ ਜੈਨੇਟਿਕ ਤੌਰ ’ਤੇ ਸੋਧੇ ਬੀਜਾਂ ਨੂੰ ਭੰਡਾਰ ਕਰਨ ਦੀ ਮਨਾਹੀ ਹੈ।
ਸਾਲ 2021 ਤੱਕ ਕੁੱਲ 87 ਜਮ੍ਹਾਂਕਰਤਾ ਆਪਣੀਆਂ ਫ਼ਸਲਾਂ ਦੇ ਨਮੂਨਿਆਂ ਨੂੰ ਇਸ ਬੀਜ ਵਾਲਟ ਵਿੱਚ ਸੁਰੱਖਿਅਤ ਕਰ ਚੁੱਕੇ ਹਨ। ਇਨ੍ਹਾਂ ਵਿੱਚ ਅਮਰੀਕਾ, ਜਰਮਨੀ, ਕੈਨੇਡਾ, ਆਸਟਰੇਲੀਆ, ਸਵੀਡਨ, ਕੋਰੀਆ, ਨੀਦਰਲੈਂਡ, ਕੋਲੰਬੀਆ, ਮੈਕਸਿਕੋ, ਸੀਰੀਆ ਅਤੇ ਸਵਿੱਟਜ਼ਰਲੈਂਡ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਖੇਤੀਬਾੜੀ ਨਾਲ ਜੁੜੀਆਂ ਦੁਨੀਆਂ ਦੀਆਂ ਤਕਰੀਬਨ ਸਾਰੀਆਂ ਵੱਡੀਆਂ ਕੌਮਾਂਤਰੀ ਸੰਸਥਾਵਾਂ ਨੇ ਵੀ ਆਪਣੇ ਵੱਖ ਵੱਖ ਬੀਜਾਂ ਨੂੰ ਇੱਥੇ ਸੁਰੱਖਿਅਤ ਕੀਤਾ ਹੈ।
ਬੀਜ ਵਾਲਟ ਵਿੱਚ ਬੀਜਾਂ ਦਾ ਬੜੇ ਪੁਖ਼ਤਾ ਢੰਗ ਨਾਲ ਭੰਡਾਰਨ ਕੀਤਾ ਜਾਂਦਾ ਹੈ। ਬੀਜਾਂ ਲਈ ਇੱਕ ਖ਼ਾਸ ਕਿਸਮ ਦੀ ਏਅਰਟਾਈਟ ਐਲੂਮੀਨੀਅਮ ਥੈਲੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਥੈਲੀ ਵਿੱਚ ਬੀਜਾਂ ਦੀ ਗਿਣਤੀ ਬੀਜਾਂ ਦੇ ਆਧਾਰ ’ਤੇ ਵੱਖ ਵੱਖ ਹੁੰਦੀ ਹੈ ਪਰ ਔਸਤਨ ਹਰੇਕ ਥੈਲੇ ਵਿੱਚ ਲਗਭਗ 500 ਬੀਜ ਰੱਖੇ ਜਾਂਦੇ ਹਨ।
ਸਵਾਲਬਾਡ ਬੀਜ ਵਾਲਟ ਨੂੰ ਸਭ ਤੋੋਂ ਵਧੀਆ ਖੋਜ ਵਜੋਂ ਨੌਰਵਿਜਨ ਲਾਈਟਿੰਗ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪ੍ਰੋਜੈਕਟ ਮੈਨੇਜਮੈਂਟ ਇੰਸਟੀਚਿਊਟ ਵੱਲੋਂ ਇਸ ਨੂੰ ਪਿਛਲੇ 50 ਸਾਲਾਂ ਦੇ 10ਵੇਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਪ੍ਰੋਜੈਕਟ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਨੈੱਟਫਲਿਕਸ ਦੀਆਂ ਬਹੁਤ ਸਾਰੀਆਂ ਸੀਰੀਜ਼ ਅਤੇ ਵੱਖ ਵੱਖ ਦਸਤਾਵੇਜ਼ੀ ਫਿਲਮਾਂ ਵਿੱਚ ਵੀ ਦਿਖਾਇਆ ਜਾ ਚੁੱਕਾ ਹੈ।
ਦੁਨੀਆ ਵਿੱਚ ਤਕਰੀਬਨ 1750 ਬੀਜ ਬੈਂਕ ਹਨ ਅਤੇ ਇਨ੍ਹਾਂ ਸਾਰੇ ਬੀਜ ਬੈਂਕਾਂ ਵਾਸਤੇ ਇੱਕ ਬੈਕਅੱਪ ਬੀਜ ਬੈਂਕ ਹੈ ਜਿਸ ਨੂੰ ‘ਸਵਾਲਬਾਡ ਗਲੋਬਲ ਸੀਡ ਵਾਲਟ’ ਕਿਹਾ ਜਾਂਦਾ ਹੈ। ਇਹ ਨੌਰਵੇ ਦੇ ਉੱਤਰ ਵਿੱਚ ਸਥਿਤ ਦੀਪ-ਸਮੂਹ ਸਵਾਲਬਾਡ (Svalbard) ਦੇ ਟਾਪੂ ਸਪਿਟਸਬਰਗਨ ਵਿੱਚ ਇੱਕ ਨਿੱਕੇ ਜਿਹੇ ਸ਼ਹਿਰ ’ਚ ਬਣਿਆ ਹੈ। ਇਸ ਦੀ ਸ਼ੁਰੂਆਤ 1984 ਵਿੱਚ ਨੌਰਡਿਕ ਜੀਨ ਬੈਂਕ (ਹੁਣ ਨੌਰਡਜੈੱਨ) ਨੇ ਕੀਤੀ, ਜਦ ਉਨ੍ਹਾਂ ਨੇ ਸਪਿਟਸਬਰਗਨ ਦੀ ਇੱਕ ਪੁਰਾਣੀ ਕੋਲ਼ੇ ਦੀ ਖਾਣ ਵਿੱਚ ਜੰਮੇ ਹੋਏ ਬੀਜਾਂ ਦੇ ਜਰਮਪਲਾਜ਼ਮ ਨੂੰ ਸਟੋਰ ਕੀਤਾ ਪਰ ਕੌਮਾਂਤਰੀ ਪੱਧਰ ’ਤੇ ਇਸ ਦੀ ਸ਼ੁਰੂਆਤ 2004 ਵਿੱਚ ਹੋਈ। ਪ੍ਰਸਿੱਧ ਅਮਰੀਕੀ ਖੇਤੀਬਾੜੀ ਵਿਗਿਆਨੀ ਅਤੇ ਕਰੌਪ ਟਰੱਸਟ ਦੇ ਡਾਇਰੈਕਟਰ ਕੈਰੀ ਫੋਲਰ ਨੇ ਕੌਮਾਂਤਰੀ ਖੇਤੀਬਾੜੀ ਖੋਜ ਕੇਂਦਰ ਨਾਲ ਮਿਲ ਕੇ ਸੀਡ ਵਾਲਟ ਦੇ ਵਿਕਾਸ ਲਈ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਉਸ ਨੇ ਨੌਰਵੇ ਸਰਕਾਰ ਤੱਕ ਪਹੁੰਚ ਕੀਤੀ ਅਤੇ ਖੋਜ ਕਰ ਕੇ ਸਹਿਮਤੀ ਜਤਾਈ ਕਿ ਸਵਾਲਬਾਡ ਬੀਜਾਂ ਦਾ ਲੰਮੇ ਸਮੇਂ ਲਈ ਭੰਡਾਰਨ ਕਰਨ ਵਾਸਤੇ ਢੁੱਕਵਾਂ ਸਥਾਨ ਹੈ।