ਚੰਡੀਗੜ੍ਹ: ‘’ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਸੂਬੇ ਦੀਆਂ ਸਰਪੰਚ/ਪੰਚ ਮਹਿਲਾਵਾਂ ਪੂਰੀ ਸਮਰੱਥਾ ਨਾਲ ਆਪਣੇ ਪਿੰਡਾਂ ਦੀ ਅਗਵਾਈ ਵੀ ਕਰ ਰਹੀਆਂ ਹਨ’’।
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੇ ਪਿੰਡਾਂ ਵਿੱਚ ਬਹੁਤ ਸਾਰੇ ਸ਼ਲਾਘਾਯੋਗ ਕੰਮ ਕਰਵਾਏ ਜਾ ਰਹੇ ਹਨ, ਜਿਸ ਨਾਲ ਜਿੱਥੇ ਪਿੰਡਾਂ ਦਾ ਬਹੁਪੱਖੀ ਵਿਕਾਸ ਹੋ ਰਿਹਾ ਹੈ ਉੱਥੇ ਹੀ ਪਿੰਡਾਂ ਦੇ ਗਰੀਬ ਲੋਕਾਂ ਨੂੰ ਮਗਨਰੇਗਾ ਸਕੀਮ ਅਧੀਨ ਰੋਜ਼ਗਾਰ ਵੀ ਦਿੱਤਾ ਰਿਹਾ ਹੈ।
ਮਿਊਂਸੀਪਲ ਭਵਨ ਵਿਖੇ ਮੇਟਸ/ਮਹਿਲਾਵਾਂ ਸਿਖਲਾਈ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਆਯੋਜਿਤ ਇੱਕ ਰੋਜਾ ਟ੍ਰੇਨਿੰਗ ਵਰਕਸ਼ਾਪ ਦੌਰਾਨ ਧਾਲੀਵਾਲ ਨੇ ਮਹਿਲਾਵਾਂ/ਮੇਟਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਇਸ ਮੌਕੇ ਮਗਨਰੇਗਾ ਸਕੀਮ ਤਹਿਤ ਹੋਣ ਵਾਲੇ ਕੰਮਾਂ ਸਬੰਧੀ ਪੈਸੇ ਦੇ ਲੈਣ-ਦੇਣ ਵਿੱਚ ਪਾਰਦਰਸ਼ਤਾ ਅਤੇ ਤੇਜੀ ਲਿਆਉਣ ਲਈ ਵਰਕ ਮੈਨੇਜਮੈਂਟ ਸਿਸਟਮ ਸੋਫਟਵੇਅਰ, ਮਗਨਰੇਗਾ ਹੈਲਪਲਾਈਨ ਨੰਬਰ 1100 ਅਤੇ ਮਗਨਰੇਗਾ ਸਕੀਮ ਸਬੰਧੀ ਇੱਕ ਬੁੱਕਲੈਟ ਵੀ ਲੋਕ ਅਰਪਣ ਕੀਤੀ। ਇਸ ਇੱਕ ਰੋਜ਼ਾ ਵਰਕਸ਼ਾਪ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਚਾਇਤਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪੀਪੀਟੀ ਅਤੇ ਵੀਡੀਓ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ।
ਕੁਲਦੀਪ ਧਾਲੀਵਾਲ ਵਲੋਂ ਵੱਖ-ਵੱਖ ਪੈਰਾਮੀਟਰਾਂ ਦੇ ਅੰਤਰਗਤ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ ਪਿੰਡਾਂ ਵਿੱਚ 10, 000 ਏਕੜ ਤੋਂ ਵੱਧ ਜ਼ਮੀਨਾਂ ਦੇ ਨਜਾਇਜ ਕਬਜੇ ਛੁਡਾਏ ਹਨ ਅਤੇ ਸਫ਼ਲ ਗ੍ਰਾਮ ਸਭਾਵਾਂ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਵਰਸ਼ਾਪ ਮਹਿਲਾਵਾਂ/ਮੇਟਾਂ ਨੂੰ ਮਗਨਰੇਗਾ ਸਕੀਮ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਣ ਵਿੱਚ ਸਹਾਈ ਹੋਵੇਗੀ ਅਤੇ ਜਲਦ ਹੀ ਆਉਂਦੇ ਸਮੇਂ ਵਿੱਚ ਪਿੰਡਾਂ ਦੇ ਵਿੱਚ ਮਗਨਰੇਗਾ ਸਕੀਮ ਅਧੀਨ ਵੱਡੀ ਗਿਣਤੀ ਵਿੱਚ ਮਹਿਲਾ ਮੇਟ ਲਗਾਏ ਜਾਣਗੇ ਤਾਂ ਜੋ ਉਨ੍ਹਾਂ ਦੀ ਅਗਵਾਈ ਹੇਠ ਮਗਨੇਰਗਾ ਸਕੀਮ ਤਹਿਤ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਵਧੀਆ ਢੰਗ ਨਾਲ ਨੇਪੜੇ ਚਾੜੇ ਜਾ ਸਕਣ।
ਕੈਬਨਿਟ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਿੰਡਾਂ ਦੀ ਦਿੱਖ ਬਦਲਣ ਲਈ ਅਤੇ ਪਿੰਡਾਂ ਦੇ ਵਿੱਚ ਹੋਰ ਵਧੀਆਂ ਕੰਮ ਕਰਵਾਉਣ ਲਈ ਸਾਨੂੰ ਸਭ ਨੂੰ ਰਲ-ਮਿਲ ਕੇ ਤਨਦੇਹੀ ਨਾਲ ਟੀਮ ਵਰਕ ਕਰਨ ਦੀ ਲੋੜ ਹੈ, ਤਾਂ ਜੋ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ ‘ਤੇ ਲਿਆਉਂਦੇ ਹੋਏ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ।
ਇਸ ਮੌਕੇ ਪੇਂਡੂ ਵਿਕਾਸ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ ਅਮਿਤ ਕੁਮਾਰ, ਸੰਯੁਕਤ ਡਾਇਰੈਕਟਰ ਸੰਜੀਵ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੇਟਸ ਅਤੇ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h