1699 ਦੀ ਵਿਸਾਖੀ, ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤ ਅਤੇ ਕੇਸਗੜ੍ਹ ਦੇ ਖੁੱਲ੍ਹੇ ਮੈਦਾਨ ਅੰਦਰ ਪੰਜਾਂ ਮਰਜੀਵੜਿਆਂ ਨੂੰ ਨਵੀਂ ਪਹਿਚਾਣ ਦਿੰਦਿਆਂ ਆਪਣੇ ਪਿਆਰੇ ਬਣਾਇਆ ਤਾਂ ਕਿਸੇ ਨੂੰ ਇਹ ਇਲਮ ਵੀ ਨਹੀਂ ਸੀ ਕਿ ਅਨੰਦਾਂ ਦੀ ਇਹ ਪੁਰੀ ਉਦੋਂ ਤੋਂ ਹੀ ਪ੍ਰੇਮ ਦੀ ਇਕ ਨਵੀ ਅਜਮਾਇਸ਼ ਲਈ ਤਿਆਰ ਹੋ ਰਹੀ ਸੀ।
ਦਸ਼ਮੇਸ਼ ਪਿਤਾ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿੱਚ ਖਾਲਸਾ ਤਿਆਰ ਕਰਦਿਆਂ ਸਮੇਂ ਦੇ ਹੁਕਮਰਾਨ ਔਰੰਗਜ਼ੇਬ ਦੇ ਸਨਮੁੱਖ ਜ਼ਬਰ ਬਨਾਮ ਸਬਰ ਦੀ ਨਵੀਂ ਪਰਿਭਾਸ਼ਾ ਪੇਸ਼ ਕੀਤੀ । ਜਾਤ-ਪਾਤ ਦੇ ਭਰਮ ਭੇਦ ਮਿਟਾ ਇੱਕੋ ਬਾਟੇ ਵਿੱਚ ਗੁਰੂ ਦੇ ਪ੍ਰੇਮ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦਿੱਤੀ । ਆਪ ਗੁਰ-ਚੇਲਾ ਬਣ ਖੰਡੇ ਦੀ ਪਾਹੁਲ ਵੀ ਪ੍ਰਾਪਤ ਕੀਤੀ ਅਤੇ ਫ਼ਿਰ ਪਰਿਵਾਰ ਨੂੰ ਵੀ ਇਸੇ ਰਾਹ ਦੇ ਰਾਹਗੀਰ ਬਣਾਇਆ।
ਸ੍ਰੀ ਅਨੰਦਪੁਰ ਦੀ ਪਾਵਨ ਨਗਰੀ ਖਾਲਸਾਈ ਖੇੜੇ ਦੇ ਨਿੱਤ ਨਵੇਂ ਪੈਗਾਮ ਨੂੰ ਪ੍ਰਸਾਰਨ ਲੱਗੀ। ਪੰਜ ਕਕਾਰੀ ਖਾਲਸਾ, ਤੇਗਾਂ, ਢਾਲਾਂ, ਕਿਰਪਾਨ ਦਾ ਸੰਗ ਕਰਨ ਲੱਗਾ। ਰਣਜੀਤ ਨਗਾਰੇ ਦੀ ਚੋਟ ਪਹਾੜਾਂ ਵਿਚ ਗੂੰਜ ਪੈਂਦੀ ਤਾਂ ਜ਼ਾਲਮ ਹਕੂਮਤ ਦੇ ਥੰਮ ਥਿੜਕ ਜਾਂਦੇ । ਖਾਲਸਾ ਅਨੰਦਪੁਰ ਨੂੰ ਵਹੀਰਾਂ ਘੱਤਣ ਲੱਗਾ । ਤੇ ਆਖਰ ਇਸ ਸਭ ਨੂੰ ਨਾ ਬਰਦਾਸ਼ਤ ਕਰਦਿਆਂ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਕਈ ਨਿੱਕੀਆਂ ਮੋਟੀਆਂ ਜੰਗਾਂ ਤੋਂ ਬਾਦ ਆਪਣੇ ਜਰਨੈਲਾਂ ਨੂੰ ਇਸ ਖਾਲਸਈ ਤਾਕਤ ਨੂੰ ਰੋਕਣ ਦਾ ਸਖਤ ਫੁਰਮਾਨ ਜਾਰੀ ਕਰ ਦਿੱਤਾ ।
ਪੁਰੀ ਅਨੰਦ ਦੀ ਚੁਫੇਰਿਓਂ ਘਿਰ ਗਈ ।ਕਈ ਮਹੀਨੇ ਜੰਗ ਦਾ ਚਲਣ ਚਲਦਾ ਰਿਹਾ । ਰਸਦ ਪਾਣੀ ਖਤਮ ਹੋਣ ਲੱਗਾ। ਸਿੰਘ ਗੁਰੂ ਦੇ ਪ੍ਰੇਮ ਵਿੱਚ ਜੂਝਦੇ ਗਏ । ਤੇ ਆਖਰ 20 ਦਸੰਬਰ 1704 ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬਦਾ ਕਿਲ੍ਹਾ ਖਾਲੀ ਕਰ ਦਿੱਤਾ। ਦਸ਼ਮੇਸ਼ ਪਿਤਾ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿੱਛੜ ਗਿਆ । ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਕਹਿਰ ਦੀ ਸਰਦੀ ਵਿੱਚ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਅਣਡਿੱਠੇ ਪੈਂਡਿਆਂ ਦੇ ਰਾਹੀ ਬਣ ਗਏ।
ਦੁਸ਼ਮਣ ਦਲਾਂ ਦੀ ਮਾਰੋ ਮਾਰ ਕਰਦੀ ਆ ਰਹੀ ਫ਼ੌਜ ਸਿੰਘਾਂ ਦੇ ਹੌਸਲੇ ਨੂੰ ਪਸਤ ਨਾ ਕਰ ਸਕੀ। ਸ੍ਰੀ ਦਸਮੇਸ਼ ਆਪਣੇ ਦੋਹਾਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ,ਬਾਬਾ ਜੁਝਾਰ ਸਿੰਘ,ਪੰਜਾਂ ਪਿਆਰਿਆਂ ਅਤੇ ਕੁਝ ਸਿੰਘਾਂ ਨਾਲ ਜ਼ੁਲਮ ਦੀ ਹਨ੍ਹੇਰੀ ਨੂੰ ਠੱਲ੍ਹ ਪਾਉਣ ਲਈ ਨਵੇਂ ਸਵੇਰੇ ਲਈ ਅਗਾਂਹ ਵੱਧਦੇ ਗਏ। ਆਖ਼ਰ ਗੁਰੂ ਸਾਹਿਬ ਨੇ ਅਕਾਲ ਦੀ ਰਜ਼ਾ ਵਿੱਚ, ਸਰਸਾ ਦੇ ਕੰਢੇ,ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਅਤੇ ਆਸਾ ਦੀ ਵਾਰ ਦਾ ਗਾਇਨ ਕੀਤਾ। ਅਤੇ ਅਗਲੇ ਪਿੜ੍ਹ ਦੀ ਤਿਆਰੀ ਬੰਨੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h