ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ। ਦਸਮੇਸ਼ ਪਿਤਾ ਜੀ ਨੇ ਹਰ ਨਸਲ, ਜਾਤ, ਰੰਗ, ਧਰਮ ਤੇ ਵਰਣ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਇਕ ਪ੍ਰਮਾਤਮਾ ਦੀ ਸੰਤਾਨ ਸਮਝਦਿਆਂ ਆਪਣੇ ਗਲ਼ ਨਾਲ ਲਾਇਆ ਅਤੇ ਅਧਿਆਤਮਕ ਉਪਦੇਸ਼ ਦੇ ਕੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਨੂੰ ਇਤਿਹਾਸਕਾਰਾਂ ਨੇ ਆਪੋ-ਆਪਣੀ ਸਮਝ ਅਨੁਸਾਰ ਬਿਆਨ ਕੀਤਾ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਸੰਪੂਰਨ ਵਿਆਖਿਆ ਕਰਨੀ ਮਨੁੱਖੀ ਸਮਝ ਤੋਂ ਪਰ੍ਹੇ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿੜ੍ਹਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਵਾਲੀ ਹੈ।
ਜਿਸ ਸਮੇਂ ਭਾਰਤ ਵਿਚ ਮੰਦਰਾਂ ਨੂੰ ਢਾਹ ਕੇ ਮਸਜਿਦਾਂ ਦੀ ਸਥਾਪਨਾ ਕੀਤੀ ਜਾ ਰਹੀ ਸੀ, ਉਸ ਸਮੇਂ ਦਸਮ ਪਾਤਸ਼ਾਹ ਜੀ ਵੱਲੋਂ ‘ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ£’ ਦੀ ਆਵਾਜ਼ ਬੁਲੰਦ ਕਰਨੀ ਵਿਸ਼ੇਸ਼ ਅਰਥ ਰੱਖਦੀ ਹੈ। ਸੰਤ ਸਿਪਾਹੀ, ਮਰਦ ਅਗੰਮੜੇ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਹੀ ਵਿਲੱਖਣ ਅਤੇ ਲਾਸਾਨੀ ਹੈ। ਉਨ੍ਹਾਂ ਆਪਣੀ 42 ਕੁ ਸਾਲਾਂ ਦੀ ਉਮਰ ਹੰਢਾਉਂਦਿਆਂ ਉਹ ਕਾਰਜ ਕਰ ਕੇ ਦਿਖਾਏ, ਜੋ ਸੰਸਾਰੀ ਲੋਕਾਂ ਲਈ ਰਾਹ-ਦਸੇਰਾ ਸਾਬਤ ਹੋਏ। ਪਟਨਾ ਸਾਹਿਬ (ਬਿਹਾਰ) ਵਿਖੇ ਸੰਸਾਰ ਆਗਮਨ ਅਤੇ ਬਚਪਨ ਦੀਆਂ ਲੀਲਾਵਾਂ ਤੋਂ ਲੈ ਕੇ ਨੰਦੇੜ ਸਾਹਿਬ (ਮਹਾਰਾਸ਼ਟਰ) ਵਿਖੇ ਜੋਤੀ-ਜੋਤ ਸਮਾਉਣ ਤਕ ਦਾ ਉਨ੍ਹਾਂ ਦਾ ਜੀਵਨ-ਸਫ਼ਰ ਅਣਗਿਣਤ ਹੈਰਾਨ ਕਰਨ ਵਾਲੇ ਕਾਰਨਾਮਿਆਂ ਨਾਲ ਭਰਪੂਰ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਧਰਮ ਦੀ ਸਥਾਪਨਾ, ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਸੀ।
ਉਨ੍ਹਾਂ ਦਾ ਆਗਮਨ ਭਾਰਤੀ ਇਤਿਹਾਸ ਵਿਚ ਇਕ ਇਨਕਲਾਬ ਦਾ ਆਰੰਭ ਸੀ। ਉਸ ਸਮੇਂ ਸਮਾਜ ਵਿਚ ਮਨੁੱਖੀ ਆਜ਼ਾਦੀ ਨੂੰ ਕਾਇਮ ਰੱਖਣਾ ਅਸੰਭਵ ਜਾਪਦਾ ਸੀ। ਉਨ੍ਹਾਂ 9 ਸਾਲ ਦੀ ਛੋਟੀ ਉਮਰ ਵਿਚ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮਾਂ ਅਤੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਤੋਰਿਆ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਜ਼ੁਲਮ ਵਿਰੁੱਧ ਅਨੇਕਾਂ ਧਰਮ ਯੁੱਧ ਲੜੇ ਅਤੇ ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕਦਿਆਂ ਔਰੰਗਜ਼ੇਬ ਦੇ ਵਿਸ਼ਾਲ ਸਾਮਰਾਜ ਨਾਲ ਟਾਕਰਾ ਕੀਤਾ। ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਭਾਰਤੀਆਂ ‘ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਾਈਆਂ ਹੋਈਆਂ ਸਨ। ਗੁਰੂ ਸਾਹਿਬ ਜੀ ਨੇ ਲੋਕਾਂ ਵਿਚ ਹਿੰਮਤ ਅਤੇ ਦਲੇਰੀ ਭਰਨ ਲਈ ਸ੍ਰੀ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿਚ ਰਣਜਿਤ ਨਗਾਰੇ ‘ਤੇ ਚੋਟਾਂ ਲਵਾਈਆਂ, ਕੇਸਰੀ ਨਿਸ਼ਾਨ ਸਾਹਿਬ ਝੁਲਾਏ, ਘੋੜ-ਸਵਾਰੀ ਤੇ ਸ਼ਸਤਰ ਵਿੱਦਿਆ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਲੋਕਾਂ ਅੰਦਰ ਬਹਾਦਰੀ ਪੈਦਾ ਕਰਨ ਲਈ ਬੀਰ-ਰਸੀ ਸਾਹਿਤ ਦੀ ਰਚਨਾ ਕੀਤੀ ਤੇ ਕਰਵਾਈ, ਜਿਸ ਨੇ ਅਜਿਹਾ ਕ੍ਰਿਸ਼ਮਾ ਦਿਖਾਇਆ ਕਿ ਗੁਰੂ ਕੇ ਸਿੱਖ ਸਵਾ-ਸਵਾ ਲੱਖ ਨਾਲ ਇਕੱਲੇ ਲੜ ਗਏ।ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਪਾਖੰਡਵਾਦ ਅਤੇ ਕਰਮਕਾਡਾਂ ਦਾ ਖੰਡਨ ਕੀਤਾ ਅਤੇ ਲੋਕਾਈ ਨੂੰ ਉੱਤਮ ਜੀਵਨ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਉਪਦੇਸ਼ ਕੀਤਾ ਕਿ ਮੂਰਤੀ ਪੂਜਾ, ਬੁੱਤ ਪੂਜਾ, ਤੀਰਥ ਯਾਤਰਾ ਜਾਂ ਸਮਾਧੀਆਂ ਨਾਲ ਅਕਾਲ-ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸੁੱਖੀ ਵੇਖਣ ਦੀ ਲੋਚਾ ਨਾਲ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਇਸੇ ਲਈ ਆਪ ਜੀ ਨੂੰ ਸਰਬੰਸਦਾਨੀ ਆਖਿਆ ਜਾਂਦਾ ਹੈ। ਆਪ ਜੀ ਨੇ ਚਮਕੌਰ ਸਾਹਿਬ ਦੀ ਜੰਗ ਅੰਦਰ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰ ਕੇ ਸ਼ਹਾਦਤਾਂ ਲਈ ਤੋਰਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਪਿੱਛੋਂ ਵੀ ਆਪ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿਚ ਕਈ ਉਤਾਰ ਚੜ੍ਹਾਅ ਵੇਖੇ, ਦੁਸ਼ਮਣ ਦੇ ਘੇਰੇ ਸਮੇਂ ਭੁੱਖਾਂ ਕੱਟੀਆਂ, ਉਨੀਂਦਰੇ ਰਹੇ, ਮਾਛੀਵਾੜੇ ਦੇ ਜੰਗਲਾਂ ਵਿਚ ਨੰਗੇ ਪੈਰੀਂ ਸਫਰ ਕੀਤਾ। ਇੰਨੀਆਂ ਕਠਿਨਾਈਆਂ ਦੇ ਬਾਵਜੂਦ ਵੀ ਕੋਈ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਕੀਤੀ ਸਗੋਂ ਪਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਲਈ ਜੀਵਿਆ। ਉਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ ਰੂਪੀ ਹਨੇਰੇ ਵਿੱਚੋਂ ਬਾਹਰ ਕੱਢ ਕੇ ਜੀਵਨ ਦੀ ਅਸਲ ਸੱਚਾਈ ਦੇ ਰੂਬਰੂ ਕੀਤਾ। ਅੱਜ ਦਸਮ ਪਾਤਸ਼ਾਹ ਜੀ ਵੱਲੋਂ ਦਰਸਾਏ ਜੀਵਨ ਮਾਰਗ ‘ਤੇ ਚੱਲ ਕੇ ਖਾਲਸਾਈ ਰਹਿਣੀ ਦੇ ਧਾਰਨੀ ਬਣਨ ਦੀ ਲੋੜ ਹੈ। ਗੁਰਬਾਣੀ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾ ਕੇ ਹੀ ਅਸੀਂ ਉਚਾ ਸੁੱਚਾ ਜੀਵਨ ਬਿਤਾ ਸਕਦੇ ਹਾਂ। ਮਜ਼ਲੂਮਾਂ ਦੀ ਰੱਖਿਆ ਸਾਡੀ ਪਹਿਲ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖਾਲਸਾ ਪੰਥ ਦੇ ਸੱਚੇ ਸਿਪਾਹੀ ਬਣ ਕੇ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਸਾਨੂੰ ਗੁਰੂ ਸਾਹਿਬ ਦੀਆਂ ਰਹਿਮਤਾਂ ਦੇ ਭਾਗੀ ਬਣਾ ਸਕਦੇ ਹਨ। ਸੋ ਆਓ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਪਹਿਰਾ ਦੇ ਕੇ ਸੱਚੇ ਸਿੱਖ ਹੋਣ ਦਾ ਸਬੂਤ ਦੇਈਏ।