ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲਪੇਟੇ ’ਚ ਲੈਂਦੇ ਹੋਏ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਨਵਜੋਤ ਸਿੰਘ ਸਿੱਧੂ ਦੇ ਇੱਟ ਨਾਲ ਇੱਟ ਖੜਕਾ ਦੇਣ ਦੇ ਬਿਆਨ ’ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਪਾਰਟੀ ਅੰਦਰ ਕਿਸੇ ਤਰ੍ਹਾਂ ਦਾ ਫ਼ੈਸਲਾ ਲੈਣ ਦੀ ਇਜਾਜ਼ਤ ਨਹੀਂ ਹੈ, ਜਿਸ ਕਾਰਨ ਉਹ ਬੌਖਲਾਇਆ ਹੋਇਆ ਅਜਿਹੇ ਬਿਆਨ ਦੇ ਰਿਹਾ ਹੈ। ਮਜੀਠੀਆ ਨੇ ਨਵਜੋਤ ਸਿੱਧੂ ’ਤੇ ਚੁਟਕੀ ਲੈਂਦੇ ਹੋਏ ਕੈਪਟਨ ਨੂੰ ਕਿਹਾ ਕਿ ਮੇਰੀ ਸਿਫ਼ਾਰਿਸ਼ ’ਤੇ ਸਿੱਧੂ ਨੂੰ ਮੁੱਖ ਮੰਤਰੀ ਬਣਾ ਦਿਓ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਦੇ ਸਾਰੇ ਆਗੂਆਂ ਨੂੰ ਸਿਰਫ਼ ਆਪਣੀਆਂ ਕੁਰਸੀਆਂ ਦੀ ਫ਼ਿਕਰ ਹੈ, ਜਿਸ ਨੂੰ ਬਚਾਉਣ ਲਈ ਉਹ ਅੱਕੀ ਪਲਾਹੀ ਹੱਥ ਮਾਰ ਰਹੇ ਹਨ।
ਨਵਜੋਤ ਸਿੱਧੂ ਵਲੋਂ ਤਿੰਨ ਰੁਪਏ ਯੂਨਿਟ ਬਿਜਲੀ ਦਿੱਤੇ ਜਾਣ ਦੇ ਬਿਆਨ ’ਤੇ ਗੱਲ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਜੇਕਰ ਇੰਨੀ ਫ਼ਿਕਰ ਸੀ ਤਾਂ ਉਹ ਬਿਜਲੀ ਮਹਿਕਮਾ ਛੱਡ ਕੇ ਨਾ ਜਾਂਦਾ। ਆਪਣੀ ਸਰਕਾਰ ਆਉਂਦੇ ਸਾਰ ਉਹ ਬਿਜਲੀ 3 ਰੁਪਏ ਯੂਨਿਟ ਕਰ ਦਿੰਦਾ। ਨਵਜੋਤ ਸਿੱਧੂ ਨੇ ਅੰਮ੍ਰਿਤਸਰ ਹਲਕੇ ’ਚ ਕੋਈ ਕੰਮ ਨਹੀਂ ਕਰਵਾਇਆ, ਸਗੋਂ ਉਹ ਤਾਂ ਸਟੇਜਾਂ ’ਤੇ ਜਾ ਕੇ ਡਾਂਸ ਕਰਦਾ ਫਿਰਦਾ ਹੈ। ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵਲੋਂ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ’ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸਤੀਫ਼ਾ ਦੇਣ ਨਾਲ ਮਸਲੇ ਹੱਲ ਨਹੀਂ ਹੋਣੇ। ਮਾਲੀ ਵਲੋਂ ਜੋ ਬਿਆਨ ਦਿੱਤੇ ਗਏ ਹਨ, ਉਸ ਖ਼ਿਲਾਫ਼ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਸਿੱਧੂ ਸਾਡਾ ਬੰਦਾ ਹੈ, ਅਸੀਂ ਉਸ ਨੂੰ ਤਿਆਰ ਕਰਕੇ ਕਾਂਗਰਸ ’ਚ ਭੇਜਿਆ। ਕਾਂਗਰਸੀਆਂ ਨੂੰ ਕੋਈ ਬੰਦਾ ਨਹੀਂ ਸੀ ਮਿਲ ਰਿਹਾ, ਜਿਸ ਕਰਕੇ ਅਸੀਂ ਉਸ ਨੂੰ ਸ਼ਿੰਗਾਰਕੇ ਉਸ ਪਾਰਟੀ ’ਚ ਭੇਜਿਆ ਹੈ। ਮਜੀਠੀਆ ਨੇ ਹਾਸੋ-ਹੀਣੇ ਅੰਦਾਜ਼ ’ਚ ਕਿਹਾ ਕਿ ਸਿੱਧੂ ਨੂੰ ਮੇਰੀ ਸਿਫ਼ਾਰਿਸ਼ ’ਤੇ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਮਜੀਠੀਆ ਨੇ ਰਾਵਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਾ ਬਣਾਇਆ ਤਾਂ ਉਨ੍ਹਾਂ ਦੀ ਲੜਾਈ ਹੋ ਜਾਵੇਗੀ।