Amrisat : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਗੋਲਕਾਂ ਵਿਚ ਪੈਸੇ ਪਾਉਣ ਤੋਂ ਰੋਕਣ ਵਾਲਾ ਬਿਆਨ ਸੰਗਤ ਦੀ ਸ਼ਰਧਾ ਨੂੰ ਸੱਟ ਮਾਰਨ ਵਾਲਾ ਹੈ, ਜਿਸ ਨੇ ਉਸ ਬੌਧਿਕ ਕੰਗਾਲੀ ਸਾਹਮਣੇ ਲਿਆਂਦੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਜਮਾਤ ਨੇ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਹਮੇਸ਼ਾ ਚਾਲਾਂ ਚੱਲੀਆਂ, ਜਦਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਵੀ ਉਸੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਸੰਸਥਾ ਨੂੰ ਵਿੱਤੀ ਤੌਰ ’ਤੇ ਕਮਜ਼ੋਰ ਕਰਨ ਦੇ ਰਾਹ ਤੁਰੇ ਹੋਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਘਰਾਂ ਦੀਅ ਗੋਲਕਾਂ ਸਬੰਧੀ ਵਿਅੰਗਆਤਮਕ ਟਿੱਪਣੀ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀ, ਲਿਹਾਜ਼ਾ ਉਸ ਨੂੰ ਇਸ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।
ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਵਰੋਸਾਈ ਧਰਤੀ ਹੈ, ਇਥੇ ਗੁਰਮਤਿ ਫਲਸਫੇ ਨੇ ਸੰਗਤ ਨੂੰ ਵੰਡ ਕੇ ਛਕਣ ਅਤੇ ਲੋਕ ਭਲਾਈ ਲਈ ਦਸਵੰਧ ਕੱਢਣ ਦੀ ਪ੍ਰੇਰਣਾ ਦਿੱਤੀ ਹੈ। ਕੋਈ ਵੀ ਸ਼ਰਧਾਲੂ ਜਦੋਂ ਗੁਰੂ ਘਰ ਨਤਮਸਤਕ ਹੁੰਦਾ ਹੈ ਤਾਂ ਉਹ ਤਿਲਫੁਲ ਭੇਟਾ ਕਰਕੇ ਪ੍ਰਸੰਨ ਹੁੰਦਾ ਹੈ। ਕਿਸੇ ਵੀ ਸ਼ਰਧਾਲੂ ਨੂੰ ਭੇਟਾ ਲਈ ਮਜ਼ਬੂਰ ਨਹੀਂ ਕੀਤਾ ਜਾਂਦਾ, ਸਗੋਂ ਇਹ ਉਸ ਦੀ ਅੰਤਰ ਆਤਮਾ ਵੱਲੋਂ ਗੁਰੂ ਨੂੰ ਸਮਰਪਣ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਸ਼ਰਧਾ ਨਾਲ ਗੁਰੂ ਘਰ ਵਿਚ ਮੱਥਾ ਟੇਕਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਅੰਗ ਕਰਨਾ ਉਸ ਦੀ ਧਰਮ ਪ੍ਰਤੀ ਘਿਰਣਾ ਭਰੀ ਸੋਚ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਭਗਵੰਤ ਸਿੰਘ ਮਾਨ ਦੀ ਇਹ ਵੀਡੀਓ ਸਾਹਮਣੇ ਆਉਣ ’ਤੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜ ਰਹੀ ਹੈ, ਜਿਸ ਕਰਕੇ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਕਾਰਜ ਕਰਨ ਵਿਚ ਸਰਕਾਰਾਂ ਅਸਫਲ ਰਹੀਆਂ ਉਹ ਕਾਰਜ ਸੰਗਤ ਦੀਆਂ ਗੁਰੂ ਘਰ ਵਿਚ ਚੜ੍ਹਾਈਆਂ ਭੇਟਾਵਾਂ ਨਾਲ ਸਿੱਖ ਸੰਸਥਾਵਾਂ ਨੇ ਕੀਤੇ ਹਨ। ਕੋਵਿਡ ਦੌਰਾਨ ਸਰਕਾਰਾਂ ਤੋਂ ਵੱਧ ਕੇ ਸ਼੍ਰੋਮਣੀ ਕਮੇਟੀ ਸਮੇਤ ਹੋਰਨਾਂ ਸਿੱਖ ਸੰਸਥਾਵਾਂ ਅਤੇ ਸੰਗਤਾਂ ਨੇ ਮਾਨਵਤਾ ਦੀ ਵੱਡੀ ਸੇਵਾ ਕੀਤੀ ਹੈ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਸ਼੍ਰੋਮਣੀ ਕਮੇਟੀ ਨੇ ਜ਼ਿਕਰਯੋਗ ਕਾਰਜ ਕੀਤੇ ਹਨ।
ਭਾਈ ਗਰੇਵਾਲ ਨੇ ਕਿਹਾ ਕਿ ਜਿਸ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ ਸਬੰਧੀ ਭਗਵੰਤ ਸਿੰਘ ਮਾਨ ਉਕਤ ਵਿਵਾਦਤ ਬਿਆਨ ਦੇ ਰਹੇ ਹਨ, ਉਸ ਲਈ ਵੀ ਉਹ ਗੁਰੂ ਘਰ ਦੀ ਜਾਇਦਾਦ ਹੀ ਵਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਕੀ ਇਸ ਗੱਲ ਦਾ ਜਵਾਬ ਦੇ ਸਕਦੇ ਹਨ ਕਿ ਸੰਗਤ ਦੇ ਸਹਿਯੋਗ ਬਿਨਾਂ ਗੁਰੂ ਘਰਾਂ ਅੰਦਰ ਚੱਲਦੇ ਲੰਗਰ, ਲੋੜੀਂਦੀਆਂ ਸੇਵਾਵਾਂ ਅਤੇ ਲੋਕ ਭਲਾਈ ਕਾਰਜਾਂ ਦਾ ਸਰੋਤ ਕੀ ਰਹੇਗਾ। ਭਾਈ ਗਰੇਵਾਲ ਨੇ ਸ. ਭਗਵੰਤ ਸਿੰਘ ਮਾਨ ਨੂੰ ਨਸੀਹਤ ਦਿੱਤੀ ਕਿ ਉਹ ਸਿੱਖ ਮਸਲਿਆਂ ਵਿਚ ਦਖ਼ਲ ਨਾ ਦੇਣ, ਕਿਉਂਕਿ ਉਸ ਦੇ ਅੰਦਰ ਸਿੱਖ ਸਰੋਕਾਰ ਨਹੀਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h