Amritsar/chandigarh : ਅਮਨ ਅਰੋੜਾ ਨੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ, ਜੋ ਕਿ ਆਪਣੀ ਧਾਰਮਿਕ ਤੇ ਇਤਹਾਸਿਕ ਮਹੱਤਤਾ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ, ਨੂੰ ਵਿਸ਼ਵ ਦੇ ਵੱਡੇ ਸ਼ਹਿਰਾਂ ਦਾ ਹਾਣੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸ਼ਹਿਰ ਲਈ ਸਾਡੇ ਕੋਲ ਵੱਡੀਆਂ ਯੋਜਨਾਵਾਂ ਹਨ ਅਤੇ ਛੇਤੀ ਹੀ ਇਨ੍ਹਾਂ ‘ਤੇ ਅਮਲ ਸ਼ੁਰੂ ਕਰਕੇ ਅੰਮ੍ਰਿਤਸਰ ਨੂੰ ਦੇਸ਼ ਦਾ ਬਿਹਤਰੀਨ ਸ਼ਹਿਰ ਬਣਾਇਆ ਜਾਵੇਗਾ। ਅੰਮਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਜਿਲਿਆਂ ਦੇ ਕਲੋਨਾਈਜਰਾਂ ਤੇ ਰੈਜੀਡੈਂਸ਼ੀਅਲ ਵੈਲਫੇਅਰ ਸੁਸਾਇਟੀਆਂ ਦੇ ਮੈਂਬਰਾਂ ਨਾਲ ਕੀਤੀਆਂ ਵਿਸਥਾਰਪੂਰਵਕ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਦੀ ਨੀਤੀ ਨੂੰ ਸਪੱਸ਼ਟ ਕਰਦਿਆਂ ਅਰੋੜਾ ਨੇ ਕਿਹਾ ਕਿ ਸਰਕਾਰ ਕਿਸੇ ਵੀ ਗੈਰਕਾਨੂੰਨੀ ਕੰਮ ਨੂੰ ਉਤਸ਼ਾਹਿਤ ਨਹੀਂ ਕਰੇਗੀ ਅਤੇ ਨਾਜਾਇਜ ਕਾਲੋਨੀਆਂ ਵੀ ਉਨ੍ਹਾਂ ਚੋਂ ਇੱਕ ਹਨ।
ਮੀਟਿੰਗ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਸ਼ਹਿਰੀ ਵਿਕਾਸ ਤੇ ਹਾਊਸਿੰਗ ਵਿਭਾਗ ਦੇ ਸਕੱਤਰ ਅਜੋਏ ਸਿਨਹਾ, ਏਡੀਏ ਦੇ ਮੁਖੀ ਦੀਪ ਸ਼ਿਖਾ, ਸਹਾਇਕ ਮੁਖੀ ਰਜਤ ਓਬਰਾਏ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਜਸਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ।
ਉਨ੍ਹਾਂ ਕਿਹਾ ਕਿ ਮੈਂ ਸਾਰੇ ਕਾਲੋਨਾਈਜਰਾਂ ਨੂੰ ਸਪੱਸ਼ਟ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਕਾਲੋਨਾਈਜਰ ਪੁੱਡਾ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਸ਼ਹਿਰ/ਕਸਬੇ ਵਿੱਚ ਕਾਲੋਨੀ ਨਾ ਕਟੇ। ਉਨ੍ਹਾਂ ਆਮ ਲੋਕਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਕੋਈ ਵੀ ਨਾਗਰਿਕ ਨਾਜਾਇਜ਼ ਕਾਲੋਨੀ ਵਿੱਚ ਘਰ ਬਣਾਉਣ ਦਾ ਸੁਪਨਾ ਲੈ ਕੇ ਪਲਾਟ ਨਾ ਖਰੀਦੇ, ਕਿਉਂਕਿ ਸਰਕਾਰ ਅਜਿਹੀਆਂ ਕਾਲੋਨੀਆਂ ਅਤੇ ਕਾਲੋਨਾਈਜਰਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ।
ਪੰਜਾਬ ਮੰਤਰੀ ਕਿਹਾ ਕਿ ਸਰਕਾਰ ਨੇ ਲੋਕਾਂ ਅਤੇ ਕਾਲੋਨਾਈਜਰ ਦੀ ਮੰਗ ਅਨੁਸਾਰ ਨਵੀਂ ਨੀਤੀ ਬਣਾਈ ਹੈ ਜਿਸ ਦੇ ਦਾਇਰੇ ਵਿਚ ਰਹਿ ਕੇ ਸਾਰੀਆਂ ਧਿਰਾਂ ਕੰਮ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਵੀ ਨਾਜਾਇਜ਼ ਕਾਲੋਨੀ ਕੱਟੀ ਗਈ ਹੈ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੇ ਵਿਭਾਗ ਵਲੋਂ ਭਵਿੱਖ ਵਿੱਚ ਕੋਈ ਵੀ ਗੈਰ ਕਾਨੂੰਨੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ ਕਿ ਅਸੀਂ 5773 ਅਜਿਹੇ ਪਿੰਡ ਜਿਥੇ ਕਾਲੋਨੀ ਕਟਣ ਦੀ ਸੰਭਾਵਨਾ ਨਹੀਂ ਹੈ ਨੂੰ ਐਨ.ਓ.ਸੀ. ਤੋਂ ਛੋਟ ਦੇ ਦਿੱਤੀ ਹੈ। ਪਰ ਬਾਕੀਆਂ ਲਈ ਐਨਓਸੀ ਜ਼ਰੂਰੀ ਹੈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ 14 ਹਜ਼ਾਰ ਦੇ ਕਰੀਬ ਗੈਰ ਕਾਨੂੰਨੀ ਕਾਲੋਨੀਆਂ ਪੰਜਾਬ ਵਿੱਚ ਉਸਰ ਚੁਕੀਆਂ ਹਨ, ਜਿਨਾਂ ਤੱਕ ਮੁੱਢਲੀਆਂ ਸਹੂਲਤਾਂ ਪਹੁੰਚਾਉਣਾ ਵੀ ਇਕ ਵੱਡੀ ਚੁਣੌਤੀ ਬਣੀ ਹੋਈ ਹੈ ਅਤੇ ਕਿਸੇ ਹੰਗਾਮੀ ਹਾਲਤ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਹੀਂ ਜਾ ਸਕਦੀ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਿਛਲੇ 9 ਮਹੀਨੇ ਦੇ ਕਾਰਜਕਾਲ ਵਿੱਚ ਐਕਸਾਈਜ, ਜੀਐਸਟੀ ਸਮੇਤ ਸਾਰੇ ਖੇਤਰਾਂ ਵਿੱਚ ਆਪਣੀ ਆਮਦਨ ਵਧਾਈ ਹੈ ਅਤੇ ਭਵਿੱਖ ਵਿੱਚ ਹੋਰ ਪੈਸਾ ਕਮਾ ਕੇ ਲੋਕਾਂ ’ਤੇ ਖਰਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਅਮਨ ਅਰੋੜਾ ਅਤੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਿਆ। ਦੋਵੇਂ ਮੰਤਰੀ ਸਾਹਿਬਾਨ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਰ ਸਰਵਨ ਕੀਤਾ ਤੇ ਅਰਦਾਸ ਵਿੱਚ ਸ਼ਾਮਲ ਹੋਏ। ਪ੍ਰਬੰਧਕਾਂ ਵਲੋਂ ਮੰਤਰੀ ਸਾਹਿਬਾਨ ਨੂੰ ਯਾਦਗਾਰੀ ਚਿੰਨ੍ਹ, ਕਿਤਾਬਾਂ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h