ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 26 ਜਨਵਰੀ ਜੀਂਦ ਰੈਲੀ ਦੀ ਤਿਆਰੀ ਲਈ ਵੱਡੀ ਮੀਟਿੰਗ ਇਤਿਹਾਸਕ ਪਿੰਡ ਹੰਢਿਆਇਆ ਵਿਖੇ ਹਰਪਾਲ ਸਿੰਘ ਪਾਲੀ ਹੰਢਿਆਇਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਾਬੂ ਸਿੰਘ ਖੁੱਡੀਕਲਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਜਨਵਰੀ ਨੂੰ ਜੀਂਦ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੇ ਮਕਸਦ ਤੋਂ ਜਾਣੂ ਕਰਵਾਇਆ। ਆਗੂਆਂ ਦੱਸਿਆ ਕਿ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਚੱਲੇ ਇਤਿਹਾਸਕ ਜੇਤੂ ਕਿਸਾਨ ਅੰਦੋਲਨ ਦੌਰਾਨ 26 ਜਨਵਰੀ 2021 ਲਾਲ ਕਿਲ੍ਹੇ ਉੱਪਰ ਵਾਪਰੀ ਘਟਨਾ ਇੱਕ ਇਤਿਹਾਸਕ ਘਟਨਾ ਸੀ। ਕੇਂਦਰ ਦੀ ਮੋਦੀ ਸਰਕਾਰ ਇਸ ਦਿਨ ਸਾਂਝੇ ਕਿਸਾਨ ਘੋਲ ਨੂੰ ਲੀਹੋਂ ਲਾਹੁਣਾ ਚਾਹੁੰਦੀ ਸੀ। ਪੰਜਾਬ, ਹਰਿਆਣਾ ਸਮੇਤ ਪੂਰੇ ਮੁਲਕ ਅੰਦਰ ਉੱਸਰੀ ਜਥੇਬੰਦਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦਾ ਭਰਮ ਪਾਲ ਰਹੀ ਸੀ।
ਐਸਕੇਐਮ ਦੀ ਲੀਡਰਸ਼ਿਪ ਨੇ ਮੋਦੀ ਸਰਕਾਰ ਦੀ ਇਸ ਸਾਜ਼ਿਸ਼ ਨੂੰ ਪੂਰੀ ਸੂਝ ਬੂਝ ਨਾਲ ਪਛਾੜਕੇ ਸਾਂਝੇ ਸੰਘਰਸ਼ ਰਾਹੀਂ ਉੱਸਰੀ ਏਕਤਾ ਨੂੰ ਬਰਕਰਾਰ ਰੱਖਦਿਆਂ ਕਦਮ ਦਰ ਕਦਮ ਅੱਗੇ ਵਧਾਇਆ ਅਤੇ ਮੋਦੀ ਸਰਕਾਰ ਨੂੰ ਵਿਸ਼ਾਲ ਸਾਂਝੇ ਕਿਸਾਨ ਸੰਘਰਸ਼ ਅੱਗੇ ਝੁਕਦਿਆਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ। 9 ਦਸੰਬਰ 2021 ਨੂੰ ਐਸਕੇਐਮ ਦੀ ਲੀਡਰਸ਼ਿਪ ਨਾਲ ਐਮ ਐਸ ਪੀ ਦੀ ਗਰੰਟੀ ਸਬੰਧੀ ਕਾਨੂੰਨ ਬਨਾਉਣ, ਬਿਜਲੀ ਸੋਧ ਬਿਲ -2020 ਰੱਦ ਕਰਨ, ਪੁਲਿਸ ਕੇਸ ਵਾਪਸ ਲੈਣ, ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਆਦਿ ਦਾ ਲਿਖਤੀ ਵਾਅਦਾ ਕੀਤਾ ਸੀ, ਪਰ ਮੋਦੀ ਸਰਕਾਰ ਇਨ੍ਹਾਂ ਵਾਅਦਿਆਂ ਤੋਂ ਮੁੱਕਰ ਗਈ ਹੈ। ਇਸ ਕਰਕੇ ਐਸਕੇਐਮ ਨੇ 26 ਨਵੰਬਰ 2021 ਨੂੰ ਰਾਜਭਵਨ ਵੱਲ ਮਾਰਚ ਕਰਕੇ ਸੰਘਰਸ਼ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਹੁਣ 26 ਜਨਵਰੀ ਜੀਂਦ ਵਿਸ਼ਾਲ ਰੈਲੀ ਵੀ ਇਸੇ ਸੰਘਰਸ਼ ਦੀ ਅਗਲੀ ਕੜੀ ਹੈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਰਾਜ ਸਿੰਘ ਹੰਢਿਆਇਆ, ਜਸਵੰਤ ਸਿੰਘ ਹੰਢਿਆਇਆ, ਕੁਲਵੰਤ ਸਿੰਘ ਹੰਢਿਆਇਆ, ਹਾਕਮ ਸਿੰਘ ਹੰਢਿਆਇਆ, ਸਰਦਾਰਾ ਸਿੰਘ ਗੁਰਮ, ਜਰਨੈਲ ਸਿੰਘ, ਜਗਦੇਵ ਸਿੰਘ ਖੁੱਡੀਕਲਾਂ, ਰਾਜ ਸਿੰਘ ਹਮੀਦੀ, ਕੁਲਵਿੰਦਰ ਸਿੰਘ ਉੱਪਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨ ਆਗੂਆਂ ਨੇ 26 ਜਨਵਰੀ ਦੀ ਜੀਂਦ ਰੈਲੀ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਣ ਦਾ ਵਿਸ਼ਵਾਸ ਦਿਵਾਇਆ। ਆਗੂਆਂ ਨੇ ਬਰਨਾਲਾ ਬਲਾਕ ਦੀ 26 ਜਨਵਰੀ ਜੀਂਦ ਰੈਲੀ ਦੀ ਠੋਸ ਵਿਉਂਤਬੰਦੀ ਕੀਤੀ। ਬਰਨਾਲਾ ਬਲਾਕ ਦੇ ਪਿੰਡਾਂ ਦਾ ਕਾਫ਼ਲਾ 26 ਜਨਵਰੀ ਨੂੰ ਸਵੇਰੇ 8 ਵਜੇ ਦਾਣਾ ਮੰਡੀ ਧਨੌਲਾ ਤੋਂ ਰਵਾਨਾ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h