ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਮਾਣੂੰਕੇ ਐਕਸ਼ਨ ਵਿੱਚ ਆ ਗਏ ਹਨ ਅਤੇ ਅੱਜ ਵਿਧਾਇਕਾ ਵੱਲੋਂ ਨਗਰ ਕੌਂਸਲ ਜਗਰਾਉਂ ਅਧਿਕਾਰੀਆਂ ਨੂੰ ਆਪਣੇ ਦਫਤਰ ਵਿਖੇ ਬੁਲਾਕੇ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਜਗਰਾਉਂ ਸ਼ਹਿਰ ਦੇ ਕਿਸੇ ਵੀ ਗਲੀ-ਮੁਹੱਲੇ ਵਿੱਚ ਜੇਕਰ ਗੰਦਗੀ ਜਾਂ ਕੂੜਾ ਕਰਕਟ ਨਜ਼ਰ ਆਇਆ ਤਾਂ ਉਸ ਏਰੀਏ ਦੇ ਸਫ਼ਾਈ ਕਰਮਚਾਰੀ ਅਤੇ ਸਬੰਧਿਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਡਿਊਟੀ ਵਿੱਚ ਲਾ-ਪ੍ਰਵਾਹੀ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਫ਼ਾਈ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕਾ ਮਾਣੂੰਕੇ ਵੱਲੋਂ ਅੱਜ 23 ਜਨਵਰੀ ਨੂੰ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਧਿਕਾਰੀ ਨੂੰ ਪੱਤਰ ਨੰਬਰ 07 ਜਾਰੀ ਕਰਕੇ ਗਲੀਆਂ ਅਤੇ ਮੁਹੱਲਿਆਂ ਵਿੱਚੋਂ ਕੂੜਾ ਚੁੱਕਣ ਵਾਲੇ ਸਵੀਪਰ ਕਰਮਚਾਰੀਆਂ ਦੀਆਂ ਲਿਸਟਾਂ ਮੰਗ ਲਈਆਂ ਗਈਆਂ ਹਨ ਅਤੇ ਇਹ ਵੀ ਪੁੱਛਿਆ ਹੈ ਕਿ ਸਵੀਪਰ ਕਰਮਚਾਰੀ ਕਿਹੜੇ-ਕਿਹੜੇ ਦਿਨ ਗਲੀਆਂ ਮੁਹੱਲਿਆਂ ਵਿੱਚੋਂ ਕੂੜਾ ਚੁੱਕਦੇ ਹਨ ਅਤੇ ਸਫ਼ਾਈ ਕਿਸ ਦਿਨ ਕਰਦੇ ਹਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਵਿੱਚੋਂ ਉਹਨਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਮੁਹੱਲਿਆਂ ਅਤੇ ਆਮ ਰਸਤਿਆਂ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਅਤੇ ਕਈ ਕਈ ਦਿਨਾਂ ਉਹਨਾਂ ਦੇ ਘਰਾਂ ਦਾ ਕੂੜਾ ਵੀ ਨਹੀਂ ਚੁੱਕਿਆ ਜਾਂਦਾ ਅਤੇ ਗੰਦਗੀ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ।
ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਹੁਣ ਸਮਾਂ ਬਦਲ ਚੁੱਕਾ ਹੈ ਅਤੇ ਪੰਜਾਬ ਦੇ ਲੋਕਾਂ ਨੇ 92 ਸੀਟਾਂ ਜਿੱਤਾਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਆਪਣੀ ਸਰਕਾਰ ਬਣਾਈ ਹੈ ਅਤੇ ਹੁਣ ਆਮ ਲੋਕਾਂ ਦਾ ਰਾਜ ਚੱਲੇਗਾ ਤੇ ਕਿਸੇ ਅਣਗਹਿਲੀ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਜਗਰਾਉਂ ਸ਼ਹਿਰ ਦੀ ਸਫ਼ਾਈ ਅਤੇ ਕੂੜੇ ਦੇ ਡੰਪ ਖ਼ਤਮ ਕਰਨ ਲਈ ਉਹਨਾਂ ਵੱਲੋਂ ਪੰਜਾਬ ਸਰਕਾਰ ਪਾਸੋਂ 70 ਲੱਖ ਰੁਪਏ ਦੇ ਪ੍ਰੋਜੈਕਟ ਪਾਸ ਕਰਵਾਏ ਗਏ ਹਨ ਤਾਂ ਜੋ ਕੂੜਾ ਇਕੱਠਾ ਕਰਨ ਲਈ ਟਰੈਕਟਰ, ਰੋਲਰ, ਲੋਡਰ, ਕੂੜਾ ਚੁੱਕਣ ਵਾਲੀਆਂ ਗੱਡੀਆਂ, ਰੇਹੜੀਆਂ ਆਦਿ ਦੀ ਖਰੀਦ ਕੀਤੀ ਜਾ ਸਕੇ। ਜੇਕਰ ਫਿਰ ਵੀ ਸ਼ਹਿਰ ਦੀ ਸਫ਼ਾਈ ਵਿੱਚ ਕੋਈ ਲਾ-ਪ੍ਰਵਾਹੀ ਕੀਤੀ ਜਾਂਦੀ ਹੈ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਜੇਕਰ ਕਿਸੇ ਮੁਹੱਲੇ ਵਿੱਚ ਕੂੜਾ ਚੁੱਕਣ ਜਾਂ ਸਫ਼ਾਈ ਸਬੰਧੀ ਕੋਈ ਸਮੱਸਿਆ ਪੇਸ਼ ਆ ਰਹੀ ਹੈ ਤਾਂ ਲੋਕ ਹੀਰਾ ਬਾਗ਼ ਸਥਿਤ ਐਮ.ਐਲ.ਏ.ਦਫਤਰ ਵਿਖੇ ਪਹੁੰਚਕੇ ਸੂਚਿਤ ਕਰਨ ਅਤੇ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਜੀਤ ਸਿੰਘ ਚੀਫ਼ ਇੰਸਪੈਕਟਰ ਨਗਰ ਕੌਂਸਲ ਜਗਰਾਉਂ, ਸੈਨੇਟਰੀ ਇੰਸਪੈਕਟਰ ਸ਼ਾਮ ਕੁਮਾਰ, ਹਰੀਸ਼ ਕੁਮਾਰ, ਐਡਵੋਕੇਟ ਕਰਮ ਸਿੰਘ ਸਿੱਧੂ, ਪੱਪੂ ਭੰਡਾਰੀ, ਛਿੰਦਰਪਾਲ ਸਿੰਘ ਮੀਨੀਆਂ, ਸੁਰਜੀਤ ਸਿੰਘ ਕਲੇਰ, ਜਗਰੂਪ ਸਿੰਘ ਜੱਗਾ ਆਦਿ ਵੀ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h