Dhan Dhan Baba Deep Singh Ji: ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ ਮਾਤਾ ਜਿਊਣੀ ਜੀ ਦੇ ਉਦਰ ਤੋਂ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਵਿੱਚ ਹੋਇਆ। ਆਪ ਦਾ ਨਾਮ ਭਾਈ ਦੀਪਾ ਰੱਖਿਆ ਗਿਆ। ਬਚਪਨ ਵਿੱਚ ਹੀ ਆਪ ਜੋਸ਼ੀਲੇ ਤੇ ਤਕੜੇ ਸਨ। 18 ਸਾਲ ਦੇ ਹੋਏ, ਉਧਰ ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ ਪਿਤਾ ਗੁਰੂ ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਂਤਕੀ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਮਨਾਉਣ ਦਾ ਫੈਸਲਾ ਕੀਤਾ। ਭਾਈ ਦੀਪਾ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਆਨੰਦਪੁਰ ਸਾਹਿਬ ਪੁੱਜਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਦਿਨ ਤੋਂ ਸਭ ਦੇ ਨਾਮ ਨਾਲ ਕੌਰ ਤੇ ਸਿੰਘ ਸ਼ਬਦ ਜੁੜ ਗਿਆ ਤੇ ਸਭ ਪ੍ਰਾਣੀ ਗੁਰੂ ਵਾਲੇ ਬਣ ਗਏ।
ਕੁੱਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤੇ ਪਾਤਸ਼ਾਹ ਜੀ ਨੇ ਭਾਈ ਦੀਪ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ। ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਭਾਈ ਦੀਪ ਸਿੰਘ ਨੇ ਗੁਰਮੁੱਖੀ, ਫਾਰਸੀ ਤੇ ਅਰਬੀ ਲਿਪੀ ਵਿੱਚ ਨਿਪੁੰਨਤਾ ਹਾਸਲ ਕੀਤੀ ਤੇ ਇੱਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਜੀ ਵੀ ਨਾਲ ਹੀ ਜਾਂਦੇ ਸਨ।
ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਨੂੰ ਮੁੱਖੀਆ ਬਣਾ ਕੇ ਤੇ ਦੋ ਦਾਸੀਆਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਦੇ ਕੇ ਦਿੱਲੀ ਭੇਜ ਦਿੱਤਾ। ਉਸ ਸਮੇਂ ਭਾਈ ਦੀਪ ਸਿੰਘ ਕੁਝ ਸਮਾਂ ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਜੁੱਟ ਗਏ।
ਮੁਕਤਸਰ ਦੀ ਜੰਗ ਤੋਂ ਬਾਅਦ 1704 ਈ: ਨੂੰ ਗੁਰੂ ਜੀ ਪਿੰਡਾਂ ਤੋਂ ਹੁੰਦੇ ਹੋਏ ਸਾਬੋਂ ਕੀ ਤਲਵੰਡੀ ਜਿਲ੍ਹਾ ਬਠਿੰਡਾ ਪਹੁੰਚੇ। ਇੱਥੇ ਗੁਰੂ ਜੀ ਨੇ ਕਈ ਚਿਰਾਂ ਦਾ ਕਮਰਕੱਸਾ ਖੋਲਿਆ ਤੇ ਦਮ ਲਿਆ ਤਾਂ ਇਸ ਅਸਥਾਨ ਦਾ ਨਾਂ ਦਮਦਮਾ ਸਾਹਿਬ ਪ੍ਰਸਿੱਧ ਹੋਇਆ। ਆਪ ਜੀ ਇੱਥੇ ਨੌਂ ਮਹੀਨੇ ਰਹੇ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕਰਨ ਵੱਲ ਧਿਆਨ ਦਿੱਤਾ ਗਿਆ। ਜਦ ਭਾਈ ਮਨੀ ਸਿੰਘ ਜੀ ਤੋਂ ਬੀੜ ਲਿਖਵਾਉਣੀ ਸ਼ੁਰੂ ਕੀਤੀ ਗਈ ਤੇ ਬਾਬਾ ਦੀਪ ਸਿੰਘ ਜੀ ਲਿੱਖਣ ਦੇ ਸਾਰੇ ਸਮਾਨ ਦਾ ਪ੍ਰਬੰਧ ਕਰਨ ਲੱਗੇ। ਗੁਰੂ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ(ਗੁਰਬਖਸ਼ ਸਿੰਘ) ਬਣਾ ਦਿੱਤਾ। ਗੁਰੂ ਜੀ ਆਪ ਪੰਜਾਬ ਛੱਡ ਕੇ ਦੱਖਣ ਵੱਲ ਚਲੇ ਗਏ। 1708 ਈ: ਨੂੰ ਬੰਦਾ ਬਹਾਦਰ ਪੰਜਾਬ ਆਇਆ । ਬੰਦਾ ਬਹਾਦਰ ਨੂੰ ਪੰਜਾਬ ਭੇਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਈ: ਨੂੰ ਜੋਤੀ ਜੋਤ ਸਮਾ ਗਏ ਸਨ।
ਜਦੋਂ ਭਾਈ ਦੀਪ ਸਿੰਘ ਜੀ ਨੇ ਸੁਣਿਆ ਕਿ ਬਾਬਾ ਬੰਦਾ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਮੁਤਾਬਿਕ ਪੰਜਾਬ ਆਇਆ ਹੈ ਤਾਂ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਆਪ ਮੈਦਾਨ ਵਿੱਚ ਕੁੱਦ ਪਏ। ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਬਹਾਦਰ ਦੀ ਹਰ ਯੁੱਧ ਵਿੱਚ ਮਦਦ ਕੀਤੀ ਤੇ ਜਿੱਤ ਦਾ ਪਰਚਮ ਲਹਿਰਾਇਆ। ਇਸ ਦਾ ਵਰਨਣ ‘ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਦੇ ਪੰਨਾ ਨੰ. 638 ਤੇ ਕੀਤਾ ਹੈ। 1734 ਵਿੱਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਿਹ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇੱਕਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਨਾਉਣ ਦੀ ਪ੍ਰਵਾਨਗੀ ਦੇ ਦਿੱਤੀ।
ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇੰਨ੍ਹਾਂ ਦੋਵਾਂ ਨੇ ਆਉਂਦਿਆ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰੀਮੰਦਰ ਸਾਹਿਬ ਜੀ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗਾ। ਇਹ ਸਭ ਦੀ ਖਬਰ ਇੱਕ ਨਿਹੰਗ ਸਿੰਘ ਨੇ ਦਮਦਮਾ ਸਾਹਬ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿੱਖ ਰਹੇ ਸਨ। ਸੁਣਦਿਆ ਸਾਰ ਹੀ ਡੇਰੇ ਦੀ ਸੇਵਾ ਸ੍ਰ.ਮਸੰਦਾ ਸਿੰਘ ਨੂੰ ਸੌਪ ਕੇ ਸਿੱਖਾਂ ਨੂੰ ਦਮਦਮਾ ਸਾਹਬ ਇੱਕਠੇ ਹੋਣ ਦੇ ਸੰਦੇਸ਼ੇ ਭੇਜੇ। ਬਾਬਾ ਜੀ ਦਮਦਮਾ ਸਾਹਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਨਿਕਲੇ। ਤਰਨਤਾਰਨ ਸਾਹਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਲਮਾਂ ਤੋਂ ਹਰੀਮੰਦਰ ਸਾਹਿਬ ਜੀ ਨੂੰ ਅਜ਼ਾਦ ਕਰਾਉਣ ਤੁਰ ਪਏ। ਤਰਨਤਾਰਨ ਸ਼ਹਿਰ ਵਿੱਚ ਹੀ ਚੰਦ ਕੁ ਫਰਲਾਗਾਂ ਦੀ ਵਿੱਥ ਤੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਤੇ ਗਰਜ਼ਵੀਂ ਅਵਾਜ਼ ਵਿੱਚ ਕਿਹਾ ਕਿ ਠਜਿਸ ਨੇ ਸ਼ਹੀਦ ਹੋਣਾ ਹੈ, ਉਹ ਹੀ ਇਹ ਲਕੀਰ ਟੱਪਣ। ਸਿੰਘ ਜੈਕਾਰੇ ਗਜ਼ਾਉਂਦੇ ਹੋਏ ਛਾਲਾਂ ਮਾਰ ਕੇ ਲਕੀਰ ਟੱਪ ਗਏ।
ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਨੂੰ ਜਾਂਦਿਆਂ ਨੌ ਕਿਲੋਮੀਟਰ ਤੇ ਬਾਬਾ ਜੀ ਨੇ ਰਣਨੀਤੀ ਬਣਾਈ ਕਿ ਵੈਰੀ ਨਾਲ ਕਿਸ ਤਰ੍ਹਾਂ ਦੋ-ਦੋ ਹੱਥ ਕਰਨੇ ਹਨ। ਬਾਬਾ ਜੀ ਨੇ ਪੰਜ ਹਜ਼ਾਰ ਦੇ ਜਥੇ ਨੂੰ ਛੋਟੀਆ -ਛੋਟੀਆਂ ਟੁੱਕੜੀਆਂ ਵਿੱਚ ਵੰਡਿਆਂ ਤੇ ਕਮਾਂਡ ਜਥੇਦਾਰਾਂ ਨੂੰ ਸੋਂਪ ਕੇ ਵੈਰੀ ਨੂੰ ਚਾਰ ਚੁਫੇਰੇ ਤੋਂ ਘੇਰਨ ਦੀ ਰਣਨੀਤੀ ਬਣਾਈ। ਉਧਰ ਜਹਾਨ ਖਾਂ ਭਾਰੀ ਭਰਕਮ ਫੌਜ ਲੈ ਕੇ ਤਰਨਤਾਰਨ ਤੋਂ ਦਸ ਕਿਲੋਮੀਟਰ ਤੇ ਗੋਹਲਵਾੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਇਸ ਜਗ੍ਹਾ ਗੁ: ਲਲਕਾਰ ਸਾਹਿਬ ਸਥਿੱਤ ਹੈ। ਦੋਨਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਪਹੁੰਚ ਗਏ। ਬਾਬਾ ਦੀਪ ਸਿੰਘ ਜੀ ਦੋ ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਵੈਰੀ ਦਲ ਦੀ ਵਾਢ ਕਰਦੇ ਹੋੇ ਅੱਗੇ ਹੀ ਅੱਗੇ ਜਾ ਰਹੇ ਸਨ।
ਫੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਬ ਵੱਲ ਨੂੰ ਵੱਧ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿੱਚ ਬੜੀ ਜਬਰਦਸਤ ਟੱਕਰ ਹੋਈ। ਦੋਹਾਂ ਦੇ ਸਾਂਝੇ ਵਾਰ ਨਾਲ ਜਮਾਲ ਖਾਂ ਦਾ ਸੀਸ ਧੜ ਤੋਂ ਅਲੱਗ ਹੋ ਗਿਆ।( ਤਰਨਤਾਰਨ ਤੋਂ ਤੇਰ੍ਹਾਂ ਕਿਲੋਮੀਟਰ ਤੇ ਇਸ ਅਸਥਾਨ ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਸਥਿੱਤ ਹੈ) ਬਾਬਾ ਦੀਪ ਸਿੰਘ ਜੀ ਬਾਰੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦੀ ਧੌਣ ਤੇ ਇੱਕ ਪਾਸੇ ਬੜਾ ਡੂੰਘਾ ਫੱਟ ਲੱਗ ਗਿਆ ਸੀ। ਬਾਬਾ ਦੀਪ ਸਿੰਘ ਜੀ ਨੇ ਇੰਨ੍ਹੀ ਜਖਮੀ ਹਾਲਤ ਵਿੱਚ ਵੀ ਸੱਜੇ ਹੱਥ ਵਿੱਚ 18 ਸੇਰ ਦਾ ਖੰਡਾ ਲੈ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿੱਚ ਹਫੜਾ ਦਫੜੀ ਮੱਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਗਏ। ਸ੍ਰੀ ਹਰੀਮੰਦਰ ਸਾਹਿਬ ਜੀ ਦੀ ਦੱਖਣੀ ਬਾਹੀ ਵੱਲ ਇੱਕ ਗੁਰਦੁਆਰਾ ਤੇ ਇੱਕ ਨਿਸ਼ਾਨ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਨਵੰਬਰ 1757 ਨੂੰ ਸ਼ਹੀਦੀ ਪ੍ਰਾਪਤ ਕੀਤੀ।
ਗੁਰਦੁਆਰਾ ਰਾਮਸਰ ਸਾਹਬ ਦੇ ਨਜ਼ਦੀਕ ਗੁਰਦੁਆਰਾ ‘ਸ਼ਹੀਦਾਂ ਸਾਹਬ’ ਹੈ, ਜਿੱਥੇ ਬਾਬਾ ਜੀ ਦਾ ਅਤੇ ਇਸ ਜੰਗ ਵਿੱਚ ਸ਼ਹੀਦ ਹੋਏ ਬਾਕੀ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ, ਇੰਨ੍ਹਾਂ ਸ਼ਹੀਦ ਸਿੰਘਾਂ ਦੇ ਪਵਿੱਤਰ ਸ਼ਸ਼ਤਰਾਂ ਦੇ ਰੋਜ਼ਾਨਾਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਰਸ਼ਨ ਕਰਵਾਏ ਜਾਂਦੇ ਹਨ। ਗੁ: ਸ਼ਹੀਦ ਗੰਜ ਅੰਮ੍ਰਿਤਸਰ ਸਹਿਬ ਵਿਖੇ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਤੇ ਸੰਗਤਾਂ ਹੁੰਮ -ਹੁੰਮਾ ਕੇ ਪਹੁੰਚਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।