ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਅੱਜ ਇੱਥੇ ਠੀਕਰੀਵਾਲਾ ਚੌਕ ‘ਤੇ ਅਣਮਿਥੇ ਸਮੇਂ ਲਈ ਧਰਨਾ ਲਾ ਕੇ ਆਵਾਜਾਈ ਠੱਪ ਕੇ ਦਿੱਤੀ ਹੈ। ਇਨ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਸੜਕਾਂ ‘ਤੇ ਹੀ ਆਪਣੇ ਪੱਕੇ ਟੈਂਟ ਗੱਡ ਦਿੱਤੇ ਗਏ ਹਨ। ਉਂਝ ਇਨ੍ਹਾਂ ਨੇ ਮੋਤੀ ਮਹਿਲ ਵੱਲ ਰੋਸ ਮਾਰਚ ਕਰਨਾ ਸੀ ਪਰ ਅਚਾਨਕ ਤਬਦੀਲੀ ਕਰਦਿਆਂ ਠੀਕਰੀਵਾਲਾ ਚੌਕ ‘ਤੇ ਹੀ ਪੱਕਾ ਮੋਰਚਾ ਲਗਾ ਦਿੱਤਾ। ਠੇਕਾ ਮੁਲਾਜ਼ਮਾਂ ਦੇ ਸੂਬਾ ਆਗੂਆਂ ਵਰਿੰਦਰ ਸਿੰਘ ਮੋਮੀ ਅਤੇ ਹੋਰਾਂ ਦਾ ਕਹਿਣਾ ਹੈ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਮੁੱਖ ਮੰਗ ਰੈਗੂਲਰ ਕਰਨ ਦੀ ਹੈ ਪਰ ਸਰਕਾਰ ਇਸ ਮੰਗ ਤੋਂ ਭੱਜ ਰਹੀ ਹੈ। ਇਹ ਪਹਿਲੀ ਵਾਰ ਹੈ, ਜਦੋਂ ਇੱਥੇ ਟੈਂਟ ਗੱਡ ਕੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੋਵੇ। ਇਸ ਐਕਸ਼ਨ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ ਹੋਈਆਂ ਹਨ।