ਚੰਡੀਗੜ੍ਹ: ਪੰਜਾਬ ‘ਚ ਪ੍ਰਦੂਸ਼ਣ ਘਟਾਉਣ ਅਤੇ ਖੇਤਾਂ ਦੀ ਉਪਰਲੀ ਮਿੱਟੀ ਬਚਾਉਣ ਵੱਲ ਕਦਮ ਪੁੱਟਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਵਿੱਚ ਚੱਲ ਰਹੇ ਸੜਕੀ ਪ੍ਰਾਜੈਕਟਾਂ ਵਿੱਚ ਵਰਤਣ ਲਈ ਥਰਮਲ ਪਲਾਂਟਾਂ ਦੀ ਰਾਖ ਤੁਰੰਤ ਮੁਹੱਈਆ ਕਰਾਉਣ।
ਪੀਐਸਪੀਸੀਐਲ ਅਤੇ ਭਾਰਤੀ ਰਾਜ ਮਾਰਗ ਅਥਾਰਿਟੀ (ਐਨ.ਐਚ.ਏ.ਆਈ) ਦੇ ਅਧਿਕਾਰੀਆਂ ਨੂੰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਈਟੀਓ ਨੇ ਦੱਸਿਆ ਕਿ ਸੂਬੇ ਵਿੱਚ ਸਥਾਪਤ ਥਰਮਲ ਪਲਾਂਟਾਂ ਵਿੱਚ ਪਈ ਕਰੀਬ 400 ਲੱਖ ਟਨ ਰਾਖ ਦੇ ਸਮੇਂ ਸਿਰ ਨਿਪਟਾਰੇ ਨਾਲ ਜਿਥੇ ਪ੍ਰਦੂਸ਼ਣ ਤੋਂ ਮੁਕਤੀ ਮਿਲੇਗੀ, ਉੱਥੇ ਸੜਕੀ ਪ੍ਰਾਜੈਕਟਾਂ ਲਈ ਨੇੜਲੇ ਖੇਤਾਂ ਵਿੱਚੋਂ ਮਿੱਟੀ ਚੁੱਕਣ ਦੇ ਰੁਝਾਨ ਨੂੰ ਵੀ ਠੱਲ੍ਹ ਪਵੇਗੀ ਕਿਉਂ ਜੋ ਇਸ ਰੁਝਾਨ ਨਾਲ ਖੇਤਾਂ ਦੀ ਉਪਜਾਊ ਮਿੱਟੀ ਖ਼ਤਮ ਹੋ ਰਹੀ ਹੈ ਅਤੇ ਸੜਕਾਂ ਨੇੜੇ ਖਤਾਨਾਂ ਦੀ ਸਥਿਤੀ ਬਣ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਸੜਕੀ ਪ੍ਰਾਜੈਕਟਾਂ ਲਈ ਐਨ.ਐਚ.ਏ.ਆਈ. ਨੂੰ 950 ਲੱਖ ਕਿਊਬਿਕ ਟਨ ਰਾਖ ਦੀ ਲੋੜ ਹੈ ਜਿਸ ਦੀ ਪੂਰਤੀ ਸੁਖਾਲੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਵਿਖੇ 200 ਲੱਖ ਟਨ ਰਾਠ, ਰੋਪੜ ਥਰਮਲ ਪਲਾਂਟ ਵਿਖੇ 90 ਲੱਖ ਟਨ, ਲਹਿਰਾ ਮੁਹੱਬਤ ਥਰਮਲ ਪਲਾਂਟ ਵਿਖੇ 70 ਲੱਖ ਟਨ, ਤਲਵੰਡੀ ਸਾਬੋ ਥਰਮਲ ਪਲਾਂਟ ਵਿਖੇ ਕਰੀਬ 33 ਲੱਖ ਟਨ, ਰਾਜਪੁਰਾ ਥਰਮਲ ਪਲਾਂਟ ‘ਚ 20 ਲੱਖ ਟਨ ਰਾਖ ਮੌਜੂਦ ਹੈ।
ਉਨ੍ਹਾਂ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਭਾਰਤੀ ਰਾਜ ਮਾਰਗ ਅਥਾਰਿਟੀ ਨੂੰ ਇਸ ਸਬੰਧੀ ਛੇਤੀ ਤੋਂ ਛੇਤੀ ਪ੍ਰਵਾਨਗੀਆਂ ਦੇਣ ਤਾਂ ਜੋ ਰਾਖ ਦਾ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ ਅਤੇ ਸੜਕੀ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਦੀ ਦਿਸ਼ਾ ਵਿੱਚ ਅੱਗੇ ਵਧਿਆ ਜਾ ਸਕੇ।
ਈਟੀਓ ਨੇ ਉਚੇਚੇ ਤੌਰ ‘ਤੇ ਨਿਰਦੇਸ਼ ਦਿੱਤੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸੜਕੀ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ ਅਤੇ ਸਰਕਾਰ ਵਲੋਂ ਰਾਖ ਦੀ ਸਪਲਾਈ ਕਰਕੇ ਕੰਮ ਵਿੱਚ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਐਨਐਚਏਆਈ ਦੇ ਖੇਤਰੀ ਅਧਿਕਾਰੀ ਵਿਪਨੇਸ਼ ਸ਼ਰਮਾ, ਪੀਐਸਪੀਸੀਐਲ ਦੇ ਡਾਇਰੈਕਟਰ (ਉਤਪਾਦਨ) ਪਰਮਜੀਤ ਸਿੰਘ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਨਵੀਨ ਬਾਂਸਲ, ਰੋਪੜ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਮਨਜੀਤ ਸਿੰਘ ਤੇ ਡਿਪਟੀ ਮੁੱਖ ਇੰਜੀਨੀਅਰ ਵਿਪਨ ਮਲਹੋਤਰਾ ਅਤੇ ਡਿਪਟੀ ਮੁੱਖ ਇੰਜੀਨੀਅਰ ਮੁੱਖ ਦਫ਼ਤਰ ਨਰਿੰਦਰ ਮਹਿਤਾ ਤੇ ਹੋਰ ਅਧਿਕਾਰੀ ਮੌਜੂਦ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h