ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੜਪੋਤਰੇ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ, ਅਤੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।
ਥੋੜ੍ਹ ਚਿੜੀ ਜ਼ਿੰਦਗੀ ‘ਚ ਬੇਹੱਦ ਪ੍ਰੇਰਨਾਦਾਇਕ ਮਿਸਾਲ ਕਾਇਮ ਕਰਨ ਸਦਕਾ ਉਨ੍ਹਾਂ ਨੂੰ ਬਾਬਾ ਕਹਿ ਕੇ ਸਨਮਾਨ ਭੇਟ ਕੀਤਾ ਜਾਂਦਾ ਹੈ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ‘ਚ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ‘ਤੇ ਹੋਇਆ।
ਉਨ੍ਹਾਂ ਦੇ ਜਨਮ ਸਮੇਂ ਦਸ਼ਮੇਸ਼ ਪਿਤਾ ਨੇ ਭੰਗਾਣੀ ਦੀ ਜੰਗ ਜਿੱਤੀ, ਅਤੇ ਕਿਹਾ ਜਾਂਦਾ ਹੈ ਕਿ ਇਸ ਵੱਡੀ ਜਿੱਤ ਸਦਕਾ ਹੀ ਉਨ੍ਹਾਂ ਦਾ ਨਾਂਅ ਅਜੀਤ ਸਿੰਘ ਰੱਖਿਆ ਗਿਆ।
ਛੋਟੀ ਉਮਰੇ ਹੀ ਘੋੜਸਵਾਰੀ, ਸ਼ਸਤਰ ਵਿੱਦਿਆ, ਰਣ ਕੁਸ਼ਲਤਾ ‘ਚ ਨਿਪੁੰਨ ਹੋ ਗਏ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਬਹਾਦਰੀ ਦੀਆਂ ਅਨੇਕਾਂ ਸਾਖੀਆਂ ਸਿੱਖ ਇਤਿਹਾਸ ‘ਚ ਦਰਜ ਹਨ,
ਜਿਨ੍ਹਾਂ ‘ਚ ਉਨ੍ਹਾਂ ਨੇ ਗ਼ਰੀਬ, ਕਮਜ਼ੋਰ, ਅਤੇ ਲੋੜਵੰਦਾਂ ਦੀ ਮਦਦ ਲਈ ਆਪਣੀ ਬਹਾਦਰੀ ਦਾ ਪ੍ਰਗਟਾਵਾ ਕੀਤਾ।
ਸਾਕਾ ਚਮਕੌਰ ਦੀ ਅਸਾਵੀਂ ਜੰਗ ‘ਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਖ਼ੁਦ ਅੱਗੇ ਆ ਕੇ ਗੁਰੂ ਪਿਤਾ ਤੋਂ ਜੰਗ ‘ਚ ਜਾਣ ਦੀ ਇਜਾਜ਼ਤ ਮੰਗੀ, ਅਤੇ ਧਰਮ ਤੇ ਸੱਚਾਈ ਦੀ ਜੰਗ ‘ਚ ਬੇਮਿਸਾਲ ਸੂਰਬੀਰਤਾ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਹੀਦੀ ਦਿੱਤੀ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜੀਵਨ ਨੌਜਵਾਨਾਂ ਲਈ ਪ੍ਰੇਰਨਾ ਅਤੇ ਮਾਰਗ ਦਰਸ਼ਨ ਦਾ ਸੋਮਾ ਹੈ, ਜਿਨ੍ਹਾਂ ਨੇ ਦੱਸਿਆ ਕਿ ਸੱਚਾਈ ਦੀ ਡਟ ਕੇ ਪੈਰਵੀ ਕਰੋ, ਅਤੇ ਜ਼ੁਲਮ ਅੱਗੇ ਝੁਕਣਾ ਨਹੀਂ।