ਸ੍ਰੀ ਅਨੰਦਪੁਰ ਸਾਹਿਬ: ਦੋ ਦਿਨ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਗੁਰੂ ਘਰ ਦੀ ਬੇਅਦਬੀ ਨੂੰ ਲੈਕੇ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਬੇਅਦਬੀ ਲਈ ਸਿਰਸਾ ਸਾਧ ਜ਼ਿੰਮੇਵਾਰ ਹੈ। ਅਤੇ ਬੇਅਦਬੀ ਕਰਨ ਵਾਲੇ ਮੁਲਜ਼ਮ ਡੇਰਾ ਸਿਰਸਾ ਵਾਲੇ ਸਾਧ ਦਾ ਚੇਲਾ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਦਾ ਪਿਤਾ ਅਮਰੀਕਾ ਰਹਿੰਦਾ ਹੈ ਅਤੇ ਮੁਲਜ਼ਮ ਦਾ ਪਿਤਾ ਡੇਰਾ ਸਿਰਸਾ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ।
ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਰਮਖਿਆਲੀਆ ਨੂੰ ਆਖਿਆ ਕਿ ਉਹ ਕੇਸਗੜ੍ਹ ਸਾਹਿਬ ਵਿਖੇ ਧਰਨਾ ਦੇਣ ਦੀ ਬਜਾਏ ਜ਼ਿਲ੍ਹਾ ਰੂਪਨਗਰ ਦੇ ਐੱਸ.ਐੱਸ.ਪੀ. ਅੱਗੇ ਗੁਹਾਰ ਲਗਾਉਣ ਤਾਂ ਜੋ ਮੁਲਜ਼ਮ ਖ਼ਿਲਾਫ਼ ਐਕਸ਼ਨ ਲੈਣ ਲਈ ਪ੍ਰਸ਼ਾਸਨ ‘ਤੇ ਪੰਜਾਬ ਸਰਕਾਰ ਉੱਤੇ ਦਬਾਅ ਪਾਇਆ ਜਾ ਸਕੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖਾਂ ਨੂੰ ਆਪਸ ਵਿੱਚ ਭਿੜਾਉਣ ਲਈ ਕਈ ਏਜੰਸੀਆ (Agencies) ਮਿਲੀਆਂ ਹੋਈਆਂ ਹਨ। ਜੋ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ। ਤਾਂ ਜੋ ਪੰਜਾਬ ਵਿੱਚ ਏਕਤਾ ਨੂੰ ਭੰਗ ਕਰਕੇ ਪੰਜਾਬੀਆਂ ਨੂੰ ਆਪਸ ਵਿੱਚ ਲੜਾਇਆ ਜਾਵੇ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਸਿੱਖਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਸਾਰਿਆ ਨੂੰ ਮੁੱਖ ਮੁੱਦੇ ਤੋਂ ਭੜਕਣਾ ਨਹੀਂ ਚਾਹੀਦਾ ਸਗੋਂ ਆਪਸ ਵਿੱਚ ਮਿਲ ਕੇ ਲਗਾਤਾਰ ਹੋ ਰਹੀਆਂ ਗੁਰੂ ਘਰਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਰਣਨੀਤੀਆ ਤਿਆਰ ਕਰਨੀਆ ਚਾਹੀਦੀਆਂ ਹਨ।
ਗੁਰੂ ਘਰ ਦੇ ਸੇਵਾਦਾਰਾਂ ਦੀ ਵੀ ਬੀਬੀ ਜਗੀਰ ਕੌਰ ਵੱਲੋਂ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੇਵਾਦਾਰਾਂ ਵੱਲੋਂ ਬੇਅਦਬੀ ਕਰਨ ਵਾਲੇ ਮੁਲਜ਼ਮ ਨੂੰ ਮੌਕੇ ‘ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰਨ ਸੇਵਾਦਾਰਾਂ ਦੀ ਸੂਝ-ਬੂਝ ਦਾ ਪ੍ਰਤੀਕ ਹੈ।