ਪਿੱਛਲੇ ਦਿਨੀਂ ਭਾਰਤੀ ਭਗੋਲ ਸਰਵੇ ਨੇ ਜੰਮੂ ਕਸ਼ਮੀਰ ਵਿਚ 3 ਟ੍ਰਿਲੀਅਨ ਡਾਲਰ ਦੇ ਲਿਥੀਅਮ ਹੋਣ ਦੀ ਪੁਸ਼ਟੀ ਕੀਤੀ ਹੈ। ਜਿਸ ਕਾਰਨ ਭਾਰਤ ਦੇ ਹੱਥ ਇਕ ਜੈਕਪੋਟ ਲਗਾ ਹੈ ਕਿਉਂਕਿ ਲਿਥੀਅਮ ਉਹ ਧਾਤੁ ਹੈ ਜਿਸ ਨਾਲ ਬੈਟਰੀਆਂ ਬਣਦੀਆਂ ਹਨ। ਅਸੀਂ ਜਾਣਦੇ ਹਾਂ ਕਿ 21ਵੀਂ ਸਦੀ ਵਿਚ ਹਰ ਚੀਜ਼ ਬਿਜਲੀ ਨਾਲ ਹੀ ਚੱਲੇਗੀ। ਇਸ ਲਿਥੀਅਮ ਨਾਲ ਬਣੀ ਬੈਟਰੀ ‘ਚ ਬਿਜਲੀ ਸਟੋਰ ਹੁੰਦੀ ਹੈ ਜਿਸ ਕਾਰਨ ਐਲੇਨ ਮਸਕ ਨੇ ਇਸ ਨੂੰ ਚਿੱਟੇ ਸੋਨੇ ਦਾ ਨਾਮ ਦਿੱਤਾ ਹੈ। ਇਸ ਸਮੇਂ ਇਸ ਇੰਡਸਟਰੀ ‘ਤੇ ਚੀਨ ਦਾ ਕਬਜ਼ਾ ਹੈ ਤੇ ਸਿਰਫ ਪਿੱਛਲੇ 3 ਸਾਲਾਂ ਵਿਚ ਇਸ ਦੀ ਕੀਮਤ ਤਿੰਨ ਗੁਨਾ ਵੱਧ ਗਈ ਹੈ ਪਰ ਹੁਣ ਭਾਰਤ ‘ਚ ਇਹ ਧਾਤ ਲੱਭਣ ਨਾਲ ਦੇਸ਼ ਨੂੰ ਬਹੁਤ ਫਾਇਦਾ ਹੋਵੇਗਾ। ਹੁਣ ਅਸੀਂ ਵੀ ਇਸ ਖੇਤਰ ਵਿਚ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ। ਲਿਥਿਅਮ ਨੂੰ ਕੱਚਾ ਕੱਢ ਕੇ ਵੇਚਣ ਦਾ ਕੋਈ ਲਾਭ ਨਹੀਂ ਹੁੰਦਾ ਸਗੋਂ ਇਸ ਨੂੰ ਪ੍ਰੋਸੈੱਸ ਕਰਨ ਵਿਚ ਹੀ ਲਾਭ ਹੈ। ਜੇਕਰ ਇਸ ਨੂੰ ਪ੍ਰੋਸੈੱਸ ਕੀਤਾ ਜਾਵੇਗਾ ਤਾਂ ਹੀ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਪਰ ਇਸ ਨੂੰ ਪ੍ਰੋਸੈੱਸ ਕਰਨ ਦੀਆਂ ਫੈਕਟਰੀਆਂ ਜੰਮੂ ਕਸ਼ਮੀਰ ਵਿਚ ਪਹਾੜੀ ਇਲਾਕਿਆਂ ‘ਤੇ ਹੋਣ ਕਰ ਕੇ ਇੰਨੇ ਵੱਡੇ ਪੱਧਰ ‘ਤੇ ਫੈਕਟਰੀਆਂ ਨਹੀਂ ਲੱਗ ਸਕਦੀਆਂ ਹਨ।
ਇਸ ਤੋਂ ਬਾਅਦ ਉਸ ਦੇ ਨੇੜੇ ਸਭ ਤੋਂ ਅਨੁਕੂਲ ਜਗ੍ਹਾ ਪੰਜਾਬ ਹੈ। ਜਿਸ ‘ਤੇ ਜ਼ਮੀਨ ਤੇ ਲੇਬਰ ਦੀ ਵੀ ਕੋਈ ਘਾਟ ਨਹੀਂ ਹੈ । ਅਗਰ ਅਸੀਂ ਤੇ ਸਾਡੀ ਸਰਕਾਰ ਇਸ ਮੌਕੇ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੇ ਹਾਂ ਤਾਂ ਪੰਜਾਬ ਦਾ ਥਿੜਕਦਾ ਅਰਥਚਾਰਾ ਤੇ ਜੰਗੀ ਪੱਧਰ ‘ਤੇ ਹੁੰਦਾ ਪਰਵਾਸ ਵੀ ਰੋਕਿਆ ਜਾ ਸਕਦਾ ਹੈ। ਇਸ ਅਵਸਰ ਨੂੰ ਸੰਭਾਲਣ ਲਈ ਸਾਡੀ ਸਰਕਾਰ ਅੱਗੇ ਕਈ ਚਿਨੌਤੀਆਂ ਹਨ। ਇੱਕ ਤਾਂ ਖਾਲਿਸਤਾਨ ਦੀ ਦੋਬਾਰਾ ਮੰਗ ਊਠਣ ਕਾਰਨ ਕਾਨੂੰਨੀ ਵਿਵਸਥਾ ਵਿਚ ਗਿਰਾਵਟ ਆ ਰਹੀ ਹੈ। ਜਿਸ ਕਾਰਨ ਕੋਈ ਵੀ ਪੂੰਜੀਪਤੀ ਇੱਥੇ ਆਉਣ ਤੋਂ ਕੰਨੀ ਕਤਰਾ ਰਿਹਾ ਹੈ। ਦੂਸਰਾ ਇਥੇ ਬਿਜਲੀ ਦਰਾਂ ਕਾਫੀ ਜ਼ਿਆਦਾ ਹਨ ਪਰ ਫਿਰ ਵੀ ਕਿਵੇਂ ਨਾ ਕਿਵੇਂ ਸਰਕਾਰ ਨੂੰ ਇਸ ਅਵਸਰ ਨੂੰ ਸਭਾਲਣਾ ਚਾਹੀਦਾ ਹੈ ਕਿਉਂਕਿ ਪਿੱਛਲੀ ਵਾਰ ਜਦੋਂ ਭਾਰਤ ਵਿਚ ਆਈ. ਟੀ. ਤੇ ਫਾਰਮਾਂ ਬੂਮ ਆਇਆ ਸੀ ਤੇ ਪੰਜਾਬ ਓਦੋਂ ਅੱਤਵਾਦ ਤੋਂ ਜੂਝਦਾ ਹੋਣ ਕਾਰਨ ਇਹਨਾਂ ਮੌਕਿਆਂ ਤੋਂ ਖੁੰਝ ਗਿਆ ਸੀ। ਇਸ ਕਾਰਨ ਪੰਜਾਬ ਜੀ.ਡੀ.ਪੀ. ਪਰ ਕੈਪਿਟਾ ‘ਚ ਨੰਬਰ ਇੱਕ ਤੋਂ 19ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਪਰ ਜੇ ਹੁਣ ਖੁੰਝੇ ਤਾਂ ਅਸੀਂ 29ਵੇਂ ਨੰਬਰ ‘ਤੇ ਵੀ ਜਾ ਸਕਦੇ ਹਾਂ।
– ਗੁਰਜੰਟ ਸਿੰਘ