ਹੁਸ਼ਿਆਰਪੁਰ/ਮਾਹਿਲਪੁਰ/ਗੜ੍ਹਸ਼ੰਕਰ: ਹੁਸ਼ਿਆਰਪੁਰ ਨੂੰ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਸਭ ਤੋਂ ਵੱਧ ਅਫ਼ਸਰਾਂ ਦਾ ਜ਼ਿਲ੍ਹਾ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਇਹ ਮਾਣ ਇਥੋਂ ਦੇ ਬਜ਼ੁਰਗਾਂ ਦੀ 100 ਸਾਲ ਪਹਿਲਾਂ ਦੀ ਵੱਡੀ ਸੋਚ ਦਾ ਨਤੀਜਾ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਪਾਲਦੀ ਦੇ 100 ਸਾਲਾ ਸਥਾਪਨਾ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਕਰਵਾਏ ਇਸ ਸ਼ਤਾਬਦੀ ਸਮਾਰੋਹ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਪਾਲਦੀ ਦੇ ਬਜ਼ੁਰਗਾਂ ਵਲੋਂ ਅੱਜ ਤੋਂ 100 ਸਾਲ ਪਹਿਲਾਂ ਸਥਾਪਿਤ ਕੀਤੀਆਂ ਗਈਆਂ ਵਿਦਿਅਕ ਸੰਸਥਾਵਾਂ ਦਾ ਹੀ ਕਮਾਲ ਹੈ ਕਿ ਅੱਜ ਹੁਸ਼ਿਆਰਪੁਰ ਜ਼ਿਲ੍ਹਾ ਸਿੱਖਿਆ ਦੇ ਖੇਤਰ ਵਿਚ ਮੋਹਰੀ ਜ਼ਿਲ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਨਾਮ ਚਮਕਾਇਆ ਹੈ।
ਉਨ੍ਹਾਂ ਕਿਹਾ ਕਿ ਇਥੋਂ ਦੇ ਐਨ.ਆਰ.ਆਈ ਪਰਿਵਾਰ ਵਿਦੇਸ਼ਾਂ ਵਿਚ ਤਰੱਕੀ ਦੀਆਂ ਬੁਲੰਦੀਆਂ ਛੂਹ ਕੇ ਵੀ ਅੱਜ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ, ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਥੋਂ ਗਏ ਐਨ.ਆਰ.ਆਈ ਭਰਾਵਾਂ ਨੇ ਸਿੰਗਾਪੁਰ ਅਤੇ ਕੈਨੇਡਾ ਵਿਚ ਵੀ ਪਾਲਦੀ ਪਿੰਡ ਵਸਾ ਦਿੱਤੇ ਹਨ। ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿਚੋਂ 10 ਲੱਖ ਰੁਪਏ ਸਕੂਲ ਨੂੰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਵਿੱਤੀ ਤੌਰ ’ਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਿੰਡ ਪਾਲਦੀ ਦੀ ਇਸ ਸੰਸਥਾ ਨੇ ਵਿਦਿਆ ਅਤੇ ਖੇਡਾਂ ਦੇ ਖੇਤਰ ਵਿਚ ਵਿਸ਼ਵ ਪੱਧਰ ’ਤੇ ਆਪਣਾ ਝੰਡਾ ਗੱਡਿਆ ਹੈ। ਉਨ੍ਹਾਂ ਕਿਹਾ ਕਿ ਇਥੋਂ ਦੀ ਫੁੱਟਬਾਲ ਟੀਮ ਹਰੇਕ ਸਾਲ ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਆਉਂਦੀ ਹੈ ਅਤੇ ਇਥੋਂ ਦੀ ਫੁੱਟਬਾਲ ਖਿਡਾਰਨ ਮਨੀਸ਼ਾ ਕਲਿਆਣ ਨੇ ਵਿਦੇਸ਼ੀ ਧਰਤੀ ’ਤੇ ਭਾਰਤ ਦਾ ਨਾਮ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਐਨ.ਆਰ.ਆਈ ਭਰਾਵਾਂ ਦਾ ਇਹ ਪਿੰਡ ਉਨ੍ਹਾਂ ਦੇ ਹਲਕੇ ਵਿਚ ਪੈਂਦਾ ਹੈ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਦਿੱਤੀ।
ਸਕੂਲ ਮੈਨੇਜਰ ਪ੍ਰਿੰਸੀਪਲ ਅਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਰੋਧੀ ਧਿਰ ਦੇ ਡਿਪਟੀ ਲੀਡਰ ਡਾ. ਰਾਜ ਕੁਮਾਰ ਚੱਬੇਵਾਲ, ਐਮ.ਪੀ. ਦਿੱਲੀ ਹੰਸ ਰਾਜ ਹੰਸ, ਐਮ.ਐਲ.ਏ. ਮੱਧ ਪ੍ਰਦੇਸ਼ ਸੁੱਡਨ ਪਾਠਕ, ਸਾਬਕਾ ਵਿਧਾਇਕ ਕੰਵਰ ਸੰਧੂ, ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ, ਡੀ.ਐਸ.ਪੀ ਦਲਜੀਤ ਸਿੰਘ ਖੱਖ, ਨਾਇਬ ਤਹਿਸੀਲਦਾਰ ਅਮਰਜੀਤ ਸਿੰਘ, ਕੁਲਦੀਪ ਸਿੰਘ ਮਿਨਹਾਸ, ਯਾਦਵਿੰਦਰ ਸਿੰਘ ਮਿਨਹਾਸ, ਲੱਖਾ ਸਿੰਘ ਪਾਲਦੀ, ਪ੍ਰਿੰਸੀਪਲ ਸ਼ਿਵ ਕੁਮਾਰ, ਸਤਵਿੰਦਰ ਸਿੰਘ, ਦਿਲਬਾਗ ਸਿੰਘ, ਉਜਾਗਰ ਸਿੰਘ ਬੰਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਨ.ਆਰ.ਆਈ ਪਰਿਵਾਰ, ਸਕੂਲ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ, ਸਕੂਲ ਸਟਾਫ਼, ਵਿਦਿਆਰਥੀ ਅਤੇ ਇਲਾਕਾ ਵਾਸੀ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਸਰਬਜੀਤ ਸਿੰਘ ਨੇ ਬਾਖੂਬੀ ਨਿਭਾਈ।