National Cattle Breed Improvement Fair: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਾਹੀਵਾਲ ਨਸਲ ਦੀਆਂ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰੇਗੀ ਤਾਂ ਜੋ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਹਰ ਸਾਲ ਕੌਮੀ ਨਸਲ ਸੁਧਾਰ ਮੇਲਾ ਕਰਵਾਇਆ ਜਾਵੇਗਾ। ਸਾਹੀਵਾਲ ਨਸਲ ਦਾ ਗੜ੍ਹ ਮੰਨੇ ਜਾਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਢੀਂਗਾ ਵਾਲੀ (ਹਲਕਾ ਬੱਲੂਆਣਾ) ਵਿਖੇ ਪਸ਼ੂ ਨਸਲ ਪ੍ਰਦਰਸ਼ਨੀ ਅਤੇ ਸਾਹੀਵਾਲ ਕਾਫ਼ ਰੈਲੀ ਦੌਰਾਨ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਸਾਹੀਵਾਲ ਨਸਲ ਸੁਧਾਰ ਪ੍ਰੋਗਰਾਮ ਲਈ ਚੁਣਿਆ ਗਿਆ ਹੈ।
ਲਾਲਜੀਤ ਭੁੱਲਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਰਬੋਤਮ ਸਾਹੀਵਾਲ ਸਾਨ੍ਹਾਂ ਦੀ ਚੋਣ ਕਰਕੇ ਉਨ੍ਹਾਂ ਦੇ ਟੀਕੇ ਮਨਸੂਈ ਗਰਭਦਾਨ ਕਰਨ ਲਈ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਭੇਜੇ ਜਾਂਦੇ ਹਨ ਜਿਸ ਨਾਲ ਪਸ਼ੂ ਪਾਲਕਾਂ ਦੀ ਆਮਦਨ ਦੇ ਸਰੋਤਾਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਤਹਿਤ ਸਾਹੀਵਾਲ ਨਸਲ ਦੀਆਂ ਗਾਵਾਂ ਦੀ ਘਰ-ਘਰ ਅੰਦਰ ਜਾ ਕੇ ਚੁਆਈ ਕਰਵਾਈ ਜਾਂਦੀ ਹੈ ਅਤੇ ਜਿਹੜਾ ਪਸ਼ੂ ਪਾਲਕ ਲਗਾਤਾਰ ਆਪਣੀ ਗਾਂ ਦੀ ਚੁਆਈ ਕਰਵਾਉਂਦਾ ਹੈ, ਉਸ ਨੂੰ ਚੁਆਈ ਖ਼ਤਮ ਹੋਣ ‘ਤੇ 1000 ਰੁਪਏ ਪ੍ਰਤੀ ਗਾਂ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਵਿਭਾਗ ਵੱਲੋਂ ਤਹਿਸੀਲ ਅਤੇ ਜਿਲ੍ਹਾ ਪੱਧਰ ਤੇ ਦੁੱਧ ਚੁਆਈ ਮੁਕਾਬਲੇ ਮੁੜ ਸ਼ੁਰੂ ਕੀਤੇ ਜਾਣਗੇ ਅਤੇ ਜੇਤੂ ਕਿਸਾਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਹੀਵਾਲ ਨਸਲ ਦੇ ਟੀਕੇ ਤੋਂ ਪੈਦਾ ਹੋਏ ਵਛਰੂਆਂ ਦੀਆਂ ਲਗਾਤਾਰ ਕਾਫ਼ ਰੈਲੀਆਂ ਕਰਵਾਈਆਂ ਜਾਂਦੀਆਂ ਹਨ, ਜਿੱਥੇ ਪਸ਼ੂ ਪਾਲਕਾਂ ਨੂੰ ਉਤਸਾਹਿਤ ਕਰਨ ਲਈ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਧੀਆ ਦੁੱਧ ਉਤਪਾਦਨ ਵਾਲੀਆਂ ਸਾਹੀਵਾਲ ਗਾਵਾਂ ਰਾਹੀਂ ਪੈਦਾ ਹੋਏ ਵੱਛੇ ਪਸ਼ੂ ਪਾਲਣ ਵਿਭਾਗ ਵੱਲੋਂ 35 ਤੋਂ 40 ਹਜ਼ਾਰ ਰੁਪਏ ਕੀਮਤ ‘ਤੇ ਖ਼ਰੀਦੇ ਜਾਂਦੇ ਹਨ ਅਤੇ ਇਸ ਤਰ੍ਹਾਂ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋ ਰਹੇ ਹਨ।
ਪਿੰਡ ਢੀਂਗਾ ਵਾਲੀ ਵਿਖੇ ਸਾਹੀਵਾਲ ਨਸਲ ਦੀਆਂ 4000 ਗਾਵਾਂ ਲਈ ਪਿੰਡ ਦੇ ਪਸ਼ੂ ਪਾਲਕਾਂ ਦੀ ਸ਼ਲਾਘਾ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਘਾਟੇ ਦਾ ਸੌਦਾ ਬਣਦੀ ਜਾ ਰਹੀ ਕਿਸਾਨੀ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਪਸ਼ੂ ਪਾਲਣ ਜਿਹੇ ਸਹਾਇਕ ਕਿੱਤੇ ਨੂੰ ਅਪਣਾਇਆ ਜਾਵੇ ਕਿਉਂਕਿ ਖੇਤੀ ਤੋਂ ਬਾਅਦ ਪਸ਼ੂ ਪਾਲਣ ਹੀ ਕਿਸਾਨਾਂ ਲਈ ਦੂਜਾ ਆਮਦਨ ਦਾ ਵੱਡਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਸ਼ੂ ਪਾਲਕਾਂ ਨੂੰ ਬਿਹਤਰ ਸਹੂਲਤਾਂ ਲਈ ਮੁਹੱਈਆ ਕਰਵਾਉਣ ਲਈ ਵਿਭਾਗ ਵਿੱਚ ਨਿਰੰਤਰ ਵੈਟਰਨਰੀ ਡਾਕਟਰਾਂ ਦੀ ਭਰਤੀ ਕਰ ਰਹੀ ਹੈ ਅਤੇ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਭਾਗ ਵਿੱਚ 315 ਵੈਟਰਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਹਲਕਾ ਬੱਲੂਆਣਾ ਦੇ ਵਿਧਾਇਕ ਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿੰਡ ਢੀਂਗਾ ਵਾਲੀ ਵਿਖੇ ਚੌਥੀ ਪਸ਼ੂ ਨਸਲ ਪ੍ਰਦਰਸ਼ਨੀ ਅਤੇ ਸਾਹੀਵਾਲ ਕਾਫ਼ ਰੈਲੀ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਇੱਕ ਸਾਲ ਵਿੱਚ ਹਲਕਾ ਬੱਲੂਆਣਾ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਹਨ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ ਪਰ ਹੁਣ ਇਹ ਸਰਕਾਰ ਹਲਕੇ ਦੇ ਨਾਲੋ ਪਿਛੜੇਪਨ ਦਾ ਦਾਗ਼ ਧੋ ਕੇ ਰਹੇਗੀ। ਇਸ ਮੌਕੇ ਵਿਧਾਇਕ ਨੇ ਹਲਕੇ ਵਿੱਚ ਬੱਸ ਸਰਵਿਸ ਵਿੱਚ ਸੁਧਾਰ ਕਰਨ ਦੀ ਮੰਗ ਰੱਖੀ ਜਿਸ ਦੇ ਕੈਬਨਿਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਲਾਕੇ ਦੀ ਮੰਗ ਅਨੁਸਾਰ ਨਵੇਂ ਪਰਮਿਟ ਜਾਰੀ ਕੀਤੇ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h