Sidhu Moosewala Update: ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਐਤਵਾਰ ਨੂੰ ਮਾਨਸਾ ਦੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ।
ਇਸ ਦੌਰਾਨ ਵੱਡੀ ਗਿਣਤੀ ‘ਚ ਸਿੱਧੂ ਦੇ ਫੈਨਸ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਫਿਰ ਤੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਫੈਨਸ ਨੂੰ ਆਉਣ ਦੀ ਅਪੀਲ ਕੀਤੀ ਸੀ।
ਇਸ ਪ੍ਰੋਗਰਾਮ ਦੇ ਮੱਦੇਨਜ਼ਰ ਪੁਲਿਸ ਵੱਲੋਂ ਮਾਨਸਾ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਇੰਟਰਨੈੱਟ ਬੰਦ ਹੋਣ ਕਾਰਨ ਮੂਸੇਵਾਲਾ ਦੇ ਫੈਨਸ ‘ਚ ਨਿਰਾਸ਼ਾ ਹੈ। ਬੀਤੇ ਦਿਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਹੋਣ ਵਾਲੇ ਇਕੱਠ ਨੂੰ ਰੋਕਣ ਨੂੰ ਪੰਜਾਬ ‘ਚ ਬਣੇ ਮਾਹੌਲ ਦਾ ਕਾਰਨ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਪੰਜਾਬ ‘ਚ ਮਾਹੌਲ ਗਰਮਾਇਆ ਹੋਇਆ ਹੈ, ਉਸੇ ਤਰ੍ਹਾਂ ਸਿੱਧੂ ਦੀ ਬਰਸੀ ‘ਤੇ ਹੋਣ ਵਾਲੇ ਇਕੱਠ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸਾਰਿਆਂ ਨੂੰ ਪੰਜਾਬ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਦੀ ਅਪੀਲ ਕਰਦਾ ਹਾਂ। ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਵੀ ਕਰੋ। ਨਾਲ ਹੀ ਉਨ੍ਹਾਂ ਸ਼ਾਂਤੀ ਬਣਾਏ ਰੱਖਣ ਲਈ ਵੀ ਕਿਹਾ ਸੀ।
ਦੱਸ ਦਈਏ ਕਿ ਬਲਕੌਰ ਸਿੰਘ ਨੇ ਕਿਹਾ ਸੀ ਕਿ ਸਿੱਧੂ ਦੀ ਬਰਸੀ 29 ਮਈ ਦੀ ਥਾਂ 19 ਮਾਰਚ ਨੂੰ ਮਨਾਈ ਜਾਵੇਗੀ। 19 ਮਾਰਚ ਨੂੰ ਮਨਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਮਈ ਵਿੱਚ ਜ਼ਿਆਦਾ ਗਰਮੀ ਹੋਵੇਗੀ। ਪਹਿਲੀ ਬਰਸੀ ਮੌਕੇ ਜ਼ਿਆਦਾ ਇਕੱਠ ਹੋਵੇਗਾ। ਗਰਮੀ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ 19 ਮਾਰਚ ਨੂੰ ਬਰਸੀ ਮਨਾਈ ਜਾਵੇਗੀ।
ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਮੂਸੇਵਾਲਾ ਦਾ ਕਤਲ ਕਰਨ ਵਾਲੇ 8 ਸ਼ਾਰਪ ਸ਼ੂਟਰ ਸੀ। ਗੋਲਡੀ ਬਰਾੜ ਨੇ ਗੈਂਗਸਟਰ ਲਾਰੈਂਸ ਦੇ ਇਸ਼ਾਰੇ ‘ਤੇ ਮੂਸੇਵਾਲਾ ਦਾ ਕਤਲ ਕਰਵਾਇਆ ਸੀ।
ਦੱਸ ਦਈਏ ਕਿ ਲਾਰੈਂਸ ਨੂੰ ਪੰਜਾਬ ਪੁਲਿਸ ਨੇ 15 ਜੂਨ 2022 ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਸੀ। ਜਿਸ ਤੋਂ ਬਾਅਦ ਲਾਰੈਂਸ ਨੂੰ ਕਰੀਬ 6 ਮਹੀਨੇ ਪੰਜਾਬ ‘ਚ ਰੱਖਿਆ ਗਿਆ। ਇਸ ਮਾਮਲੇ ਵਿੱਚ ਹੁਣ ਤੱਕ ਕਰੀਬ 36 ਲੋਕਾਂ ਦੇ ਨਾਮ ਸਾਹਮਣੇ ਆ ਚੁੱਕੇ ਹਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਐਲਾਨ ਕੀਤਾ ਹੈ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਹਰ ਵੱਡੀ ਲੜਾਈ ਲੜਨ ਲਈ ਤਿਆਰ ਹਨ। ਮੂਸੇਵਾਲਾ ਦੀ ਅੰਤਿਮ ਵਿਦਾਇਗੀ ਮੌਕੇ ਲੱਖਾਂ ਦੀ ਗਿਣਤੀ ਵਿੱਚ ਪੁੱਜੇ ਉਨ੍ਹਾਂ ਦੇ ਸਮਰਥਕਾਂ ਦੇ ਪਿਤਾ ਬਲਕੌਰ ਸਿੰਘ ਨੇ ਪੱਗ ਲਾਹ ਕੇ ਸਿਰ ਝੁਕਾਇਆ ਸੀ।