ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਪਣੇ ਹਲਕਾ ਸਮਾਣਾ ਦੇ ਪਿੰਡਾਂ ਵਿਚ ਪਿਛਲੇ ਦਿਨੀਂ ਪਏ ਬੇਮੌਸਮੇ ਮੀਂਹ ਤੇ ਗੜ੍ਹੇਮਾਰੀ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੱਸੀ ਬ੍ਰਾਹਮਣਾ, ਸੱਸਾ ਗੁੱਜਰਾਂ, ਭਗਵਾਨਪੁਰਾ, ਧਰਮੇੜ੍ਹੀ, ਘਿਉਰਾ, ਬੀਬੀਪੁਰ ਤੇ ਰੰਧਾਵਾ ਆਦਿ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੇ ਸਿੰਘ, ਆਮ ਆਦਮੀ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਤੇ ਗੁਰਦੇਵ ਸਿੰਘ ਟਿਵਾਣਾ ਤੇ ਹੋਰ ਪਤਵੰਤੇ ਮੌਜੂਦ ਸਨ।
ਇਸ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਸਾਬਤ ਹੋਈ ਹੈ, ਕਿਉਂਕਿ ਕੁਦਰਤੀ ਕਰੋਪੀ ਦੇ ਦੋ ਦਿਨਾਂ ਦੇ ਅੰਦਰ-ਅੰਦਰ ਮੁੱਖ ਮੰਤਰੀ ਨੇ ਰਾਜ ਦੇ ਪ੍ਰਭਾਵਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਵਿੱਚ 25 ਫੀਸਦੀ ਵਾਧਾ ਕੀਤਾ ਅਤੇ ਅੱਜ ਇੱਕ ਹੋਰ ਅਹਿਮ ਫੈਸਲਾ ਕਰਕੇ ਸਹਿਕਾਰੀ ਸੁਸਾਇਟੀਆਂ ਦੀਆਂ ਲਿਮਟਾਂ ਦੀਆਂ ਕਿਸ਼ਤਾਂ ਭਰਨ ‘ਚ ਵੀ ਇੱਕ ਸਾਲ ਦੀ ਢਿੱਲ ਦਿੱਤੀ ਹੈ।
ਸੱਸੀ ਬ੍ਰਾਹਮਣਾ, ਸੱਸਾ ਗੁੱਜਰਾਂ, ਧਰਮੇੜ੍ਹੀ, ਭਗਵਾਨ ਪੁਰਾ ਦੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਇਲਾਕੇ ‘ਚ ਬਰਸਾਤੀ ਪਾਣੀ ਦੀ ਲੱਗਦੀ ਡਾਫ਼ ਰੋਕਣ ਲਈ ਤੇ ਪਾਣੀ ਦੀ ਨਿਕਾਸੀ ਲਈ ਮੀਰਾਪੁਰ ਚੋਅ ਤੱਕ ਪਾਈਪ ਲਾਈਨ ਪੁਆਈ ਜਾਵੇਗੀ। ਉਨ੍ਹਾਂ ਕਿਹਾ ਕਿ ਕੁਦਰਤ ਦੀ ਕਰੋਪੀ ਕਰਕੇ ਅੰਨਦਾਤੇ ਦੇ ਹੋਏ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇਗੀ।
ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਫੈਸਲੇ ਮੁਤਾਬਕ ਜੇ ਫ਼ਸਲ ਦਾ ਨੁਕਸਾਨ 75 ਫੀਸਦੀ ਤੋਂ ਵੱਧ ਹੁੰਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਅਤੇ ਜੇਕਰ ਨੁਕਸਾਨ 33 ਤੋਂ 75 ਫੀਸਦੀ ਤੱਕ ਹੁੰਦਾ ਹੈ ਤਾਂ 6750 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ 10 ਫੀਸਦੀ ਮੁਆਵਜ਼ਾ ਦਿੱਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਕੋਈ ਵਿੱਤੀ ਮੁਸ਼ਕਲ ਪੇਸ਼ ਨਾ ਆਵੇ।
ਇਸ ਤੋਂ ਬਿਨ੍ਹਾਂ ਲੋਕਾਂ ਦੇ ਪੂਰੇ ਮਕਾਨ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ 95100 ਰੁਪਏ ਦਿੱਤੇ ਜਾਣਗੇ, ਜਦੋਂ ਕਿ ਘਰਾਂ ਦੇ ਮਾਮੂਲੀ ਨੁਕਸਾਨ ਲਈ 5200 ਰੁਪਏ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਦੀ ਫ਼ਸਲਾਂ ਦੀ ਗਿਰਦਾਵਰੀ ਪਾਰਦਰਸ਼ੀ ਢੰਗ ਨਾਲ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਵਿੱਚ ਬੈਠਕੇ ਕੀਤੀ ਜਾਵੇਗੀ ਤੇ ਪਾਰਦਰਸ਼ੀ ਢੰਗ ਨਾਲ ਹੀ ਢੁਕਵਾਂ ਮੁਆਵਜ਼ਾ ਮਿਲੇਗਾ। ਉਨ੍ਹਾਂ ਨੇ ਵੱਖ-ਵੱਖ ਪਿੰਡਾਂ ‘ਚ ਲੋਕਾਂ ਨੂੰ ਮਿਲਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਤੇ ਆਮ ਲੋਕਾਂ ਦੇ ਸਦਾ ਹੀ ਨਾਲ ਖੜ੍ਹੇ ਹਨ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਨਗੇ।
ਇਸ ਮੌਕੇ ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੇ ਸਿੰਘ, ਆਮ ਆਦਮੀ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਗੁਰਦੇਵ ਸਿੰਘ ਟਿਵਾਣਾ, ਦੀਪਕ ਵਧਵਾ, ਰਣਜੀਤ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸੁੱਖੀ ਖੱਤਰੀਵਾਲਾ, ਜਸਪਾਲ ਸਿੰਘ ਘੁਮਾਣ, ਸੋਨੂ ਧਰਮੇੜ੍ਹੀ, ਕੁਲਦੀਪ ਸਿੰਘ ਸੱਸੀ ਬ੍ਰਾਹਮਣਾ, ਮੇਵਾ ਗੁੱਜਰਾਂ, ਗੁਰਪਿਆਰ ਸਿੰਘ ਆਦਿ ਸਮੇਤ ਇਲਾਕੇ ਦੇ ਸਰਪੰਚ-ਪੰਚ ਅਤੇ ਹੋਰ ਪਤਵੰਤੇ ਅਤੇ ਇਲਾਕੇ ਦੇ ਪਟਵਾਰੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।