Lal Chand Kataruchak: ਜਮਹੂਰੀਅਤ ਦੀ ਮਜ਼ਬੂਤੀ ਅਤੇ ਵਧੀਆ ਸਮਾਜ ਦੀ ਸਥਾਪਨਾ ਲਈ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੂਝਵਾਨ ਨੌਜਵਾਨਾਂ ਨੂੰ ਸਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਗੇ ਅਤੇ ਗਿਆਨਵਾਨ ਲੋਕ ਹੀ ਸਿਆਸੀ ਕਦਰਾਂ ਕੀਮਤਾਂ ਨੂੰ ਬੇਹਤਰ ਬਣਾ ਸਕਦੇ ਹਨ। ਇਸ ਕਰਕੇ ਉਨ੍ਹਾਂ ਨੂੰ ਸਿਆਸਤ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਦੋਆਬਾ ਗਰੁੱਪ ਆਫ਼ ਕਾਲਜਜ਼ ਵਿਖੇ ‘‘ਜ਼ਿੰਦਗੀ ’ਚ ਕਿੰਝ ਹੋਇਆ ਜਾਵੇ ਸਫ਼ਲ’’ ਵਿਸ਼ੇ ’ਤੇ ਵਿਚਾਰ ਚਰਚਾ ਦੌਰਾਨ ਸ੍ਰੀ ਕਟਾਰੂਚੱਕ ਨੇ ਉਤਮ ਸਮਾਜ ਦੀ ਸਿਰਜਣਾ ਲਈ ਸੰਜੀਦਾ ਲੋਕਾਂ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਜ ਪ੍ਰਤੀ ਵਚਨਬੱਧਤਾ ਅਤੇ ਸੰਜੀਦਗੀ ਹੀ ਇੱਕ ਚੰਗੇ ਇਨਸਾਨ ਦੀ ਖਾਸੀਅਤ ਹੈ। ਕਟਾਰੂਚੱਕ ਨੇ ਕਿਹਾ ਕਿ ਸੱਚ ਦੇ ਹੱਕ ਵਿੱਚ ਖੜਨਾ ਅਤੇ ਝੂਠ ਦਾ ਵਿਰੋਧ ਕਰਨਾ ਇੱਕ ਚੰਗੇ ਮਨੁੱਖ ਦੀ ਨਿਸ਼ਾਨੀ ਹੈ। ਇਨ੍ਹਾਂ ਕਦਰਾਂ ਕੀਮਤਾਂ ਨਾਲ ਹੀ ਅਸੀਂ ਇੱਕ ਨਿੱਗਰ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਕਰਕੇ ਹਰੇਕ ਨੂੰ ਵਧੀਆ ਸਮਾਜ ਬਨਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਕਟਾਰੂਚੱਕ ਨੇ ਕਿਹਾ ਕਿ ਆਪਣੀ ਮਾਤ-ਭਾਸ਼ਾ ਨਾਲ ਹਰ ਇੱਕ ਨੂੰ ਮੁਹੱਬਤ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਤੁਸੀਂ ਕੋਈ ਵੀ ਟੀਚਾ ਮਿੱਥ ਲਵੋ, ਪ੍ਰੰਤੂ ਉਸ ਟੀਚੇ ਦੀ ਪ੍ਰਾਪਤੀ ਦੇ ਲਈ ਵਚਨਬੱਧਤਾ ਇਮਾਨਦਾਰੀ ਅਤੇ ਸੰਜੀਦਗੀ ਦਾ ਹੋਣਾ ਅਤਿ ਲਾਜ਼ਮੀ ਹੈ ਅਤੇ ਜਿਸ ਵਿਅਕਤੀ ਨੇ ਆਪਣੇ ਵਿੱਚ ਇਨ੍ਹਾਂ ਦਾ ਸੁਮੇਲ ਰੱਖ ਲਿਆ, ਉਹ ਵਿਅਕਤੀ ਦੁਨੀਆਂ ਦਾ ਹਰ ਟਾਪੂ ਪਾਰ ਕਰ ਸਕਦਾ ਹੈ।
ਇਸ ਮੌਕੇ ਤੇ ਹੋਈ ਭਾਸ਼ਨ ਪ੍ਰਤਿਯੋਗਤਾ ਦੌਰਾਨ ਜੱਜਮੈਂਟ ਪੈਨਲੇ ਵਿਚ ਡਾ.ਰਿਮੀ ਸ਼ਿਗਲਾ ਡਾਇਰੈਕਟਰ ਰੈਡੀਐਸ ਹਸਪਤਾਲ, ਡਾ. ਮੀਨੂ ਜੇਟਲੀ ਪ੍ਰਿੰਸੀਪਲ ਦੁਆਬਾ ਬਿਜਨਸ ਸਕੂਲ, ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਹੈਪੀ ਅਤੇ ਕੁਲਦੀਪ ਕੌਰ ਨਰਸਿੰਗ ਸੁਪਰਡੈਂਟ ਬਾਹਰਾ ਹਸਪਤਾਲ ਮੌਜੂਦ ਸਨ । ਇਸ ਮੌਕੇ ਤੇ ਦੋਆਬਾ ਖਾਲਸਾ ਟਰੱਸਟ ਦੇ ਪ੍ਰਧਾਨ ਐਚ.ਐਸ.ਬਾਠ ਨੇ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
ਇਸ ਭਾਸ਼ਣ ਪ੍ਰਤੀਯੋਗਤਾ ਦੌਰਾਨ ਪ੍ਰਮੁੱਖ ਬੁਲਾਰੇ ਵਜੋਂ ਮੋਟੀਵੇਸ਼ਨਲ ਸਪੀਕਰ ਹਰਦੀਪ ਕੌਰ ਵਿਰਕ ਨੇ ਜ਼ਿੰਦਗੀ ਵਿਚ ’ਕਿੰਝ ਹੋਇਆ ਜਾਵੇ ਸਫ਼ਲ’ ਵਿਸ਼ੇ ‘ਤੇ ਭਾਸ਼ਣ ਦਿੱਤਾ। ਪੱਤਰਕਾਰਤਾ ਦੇ ਖੇਤਰ ਵਿੱਚ ਪਿਛਲੇ 22 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਜੇਕਰ ਇਨਸਾਨ ਕਿਸੇ ਟੀਚੇ ਦੀ ਪ੍ਰਾਪਤੀ ਦੇ ਲਈ ਦ੍ਰਿੜ੍ਹ ਨਿਸ਼ਚਾ ਕਰ ਲਵੇ ਤੇ ਉਸ ਨੂੰ ਪ੍ਰਾਪਤ ਕਰਨ ਲਈ ਈਮਾਨਦਾਰੀ, ਨਿਰੰਤਰਤਾ ਅਤੇ ਮਿਹਨਤ ਨਾਲ ਅੱਗੇ ਵਧੇ ਤਾਂ ਦੁਨੀਆਂ ਦੀ ਕੋਈ ਤਾਕਤ ਉਸਨੂੰ ਆਪਣਾ ਟੀਚਾ ਪ੍ਰਾਪਤ ਕਰਨ ਤੋਂ ਰੋਕ ਨਹੀਂ ਸਕਦੀ। ਇਸ ਮੌਕੇ ਤੇ ਭਾਸ਼ਣ ਪ੍ਰਤੀਯੋਗਤਾ ਦੇ ਵਿੱਚ ਵਿਦਿਆਰਥੀ ਰੋਹਨਜੀਤ ਨੇ ਪਹਿਲਾਂ, ਅਮਨਦੀਪ ਸਿੰਘ ਨੇ ਦੂਸਰਾ ਜਦਕਿ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h