ਆਪਣੇ ਆਪ ਨੂੰ ਦੁਰਗਾ ਦਾ ਅਵਤਾਰ ਦੱਸਣ ਵਾਲੀ ਰਾਧੇ ਮਾਂ ਅੰਮ੍ਰਿਤਸਰ ਦੇ ਦੌਰੇ ‘ਤੇ ਹੈ ਅਤੇ ਆਪਣੇ ਸ਼ਰਧਾਲੂਆਂ ਨੂੰ ਮਿਲ ਰਹੀ ਹੈ।
ਲਾਲ ਰੰਗ ਦੇ ਕੱਪੜੇ ਪਹਿਨੀ ਰਾਧੇ ਮਾਂ ਐਤਵਾਰ ਨੂੰ ਹਰਿਮੰਦਰ ਸਾਹਿਬ ਪਹੁੰਚੀ। ਜਿੱਥੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਰਾਧੇ ਮਾਂ ਦੇ ਨਾਲ ਉਨ੍ਹਾਂ ਦੇ ਕਈ ਸਮਰਥਕ ਵੀ ਮੌਜੂਦ ਸਨ।
ਰਾਧੇ ਮਾਂ ਨੇ ਸਾਰੇ ਰੀਤੀ-ਰਿਵਾਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਉਨ੍ਹਾਂ ਨਾਲ ਆਏ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ ਅਤੇ ਮਾਨਤਾਵਾਂ ਤੋਂ ਜਾਣੂ ਕਰਵਾਇਆ।
ਇਸ ਦੌਰਾਨ ਉਨ੍ਹਾਂ ਲੰਗਰ ਘਰ ਵਿਖੇ ਅਤੁੱਟ ਲੰਗਰ ਵੀ ਛਕਿਆ। ਕੜਾਹ ਪ੍ਰਸ਼ਾਦ ਲਿਆ ਅਤੇ ਮੱਥਾ ਟੇਕਣ ਲਈ ਗੁਰੂਘਰ ਵੀ ਪਹੁੰਚੇ। ਕਰੀਬ ਅੱਧਾ ਘੰਟਾ ਰਾਧੇ ਮਾਂ ਨੇ ਗੁਰੂਘਰ ‘ਚ ਕੀਰਤਨ ਸਰਵਣ ਕੀਤਾ।ਰਾਧੇ ਮਾਂ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਕਈ ਧਾਰਮਿਕ ਪ੍ਰੋਗਰਾਮਾਂ ਵਿੱਚ ਹਿੱਸਾ ਲਵੇਗੀ। ਉਨ੍ਹਾਂ ਦੇ ਅੰਮ੍ਰਿਤਸਰ ਆਉਣ ‘ਤੇ ਕਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ।
ਰਾਧੇ ਮਾਂ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਰਾਧੇ ਮਾਂ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣਗੇ। ਸ਼ਹਿਰ ‘ਚ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ‘ਚ ਸ਼ਿਰਕਤ ਕਰਨ ਲਈ ਉਹ ਵਿਸ਼ੇਸ਼ ਤੌਰ ‘ਤੇ ਪਹੁੰਚੀ ਹੈ |
ਰਾਧੇ ਮਾਂ ਇੱਕ ਅਧਿਆਤਮਿਕ ਨੇਤਾ ਹੈ ਜੋ ਆਪਣੇ ਆਪ ਨੂੰ ਦੇਵੀ ਦਾ ਅਵਤਾਰ ਦੱਸਦੀ ਹੈ। ਉਹ ਲਾਲ ਪਹਿਰਾਵੇ ਵਿੱਚ ਦੇਵੀ ਦੇ ਰੂਪ ਵਿੱਚ ਆਪਣੇ ਸ਼ਰਧਾਲੂਆਂ ਨੂੰ ਮਿਲਦੀ ਹੈ।
ਰਾਧੇ ਮਾਂ ਦਾ ਅਸਲੀ ਨਾਂ ਸੁਖਵਿੰਦਰ ਕੌਰ ਹੈ। ਧਰਮ ਦੇ ਮਾਰਗ ‘ਤੇ ਚੱਲਦਿਆਂ ਉਸ ਨੇ ਆਪਣਾ ਨਾਮ ਰਾਧੇ ਮਾਂ ਰੱਖ ਲਿਆ। ਰਾਧੇ ਮਾਂ ਦਾ ਜਨਮ 4 ਅਪ੍ਰੈਲ 1965 ਨੂੰ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਦੋਰਾਂਗਲਾ ਵਿੱਚ ਹੋਇਆ ਸੀ। ਉਸ ਨੇ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ।ਮਹਿਜ਼ 17 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਮੁਕੇਰੀਆ ਦੇ ਮਨਮੋਹਨ ਸਿੰਘ ਨਾਲ ਹੋਇਆ। ਉਹ ਮਿਠਾਈ ਦੀ ਦੁਕਾਨ ‘ਤੇ ਕੰਮ ਕਰਦਾ ਸੀ।
ਵਿਆਹ ਤੋਂ ਬਾਅਦ ਰਾਧੇ ਮਾਂ ਦਾ ਪਤੀ ਕਤਰ ‘ਚ ਕੰਮ ‘ਤੇ ਚਲਾ ਗਿਆ। ਉਦੋਂ ਰਾਧੇ ਮਾਂ ਦੇ ਪਰਿਵਾਰ ਦੀ ਹਾਲਤ ਠੀਕ ਨਹੀਂ ਸੀ ਅਤੇ ਉਨ੍ਹਾਂ ਨੇ ਕੱਪੜੇ ਸਿਲਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ।