Punjab Roadways/PUNBUS Employees Joint Action Committe: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਲਗਪਗ ਸਾਰੀਆਂ ਜਾਇਜ਼ ਮੰਗਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਥੋੜ੍ਹਾ ਸੰਜਮ ਰੱਖਣ ਅਤੇ ਸਰਕਾਰ ਦਾ ਸਾਥ ਦੇਣ।
ਆਪਣੇ ਦਫ਼ਤਰ ਵਿਖੇ ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਰੋਡਵੇਜ਼ ਦੀਆਂ ਲੰਮੇ ਸਮੇਂ ਤੋਂ ਅਧਵਾਟੇ ਪਈਆਂ ਮੰਗਾਂ ਨੂੰ ਪੜਾਅਵਾਰ ਪੂਰਾ ਕੀਤਾ ਜਾ ਰਿਹਾ ਹੈ।
ਬੱਸਾਂ ਦੇ ਟਾਈਮ-ਟੇਬਲ ਵਿੱਚ ਇਕਸਾਰਤਾ ਲਿਆਉਣ ਬਾਰੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀ ਸਰਕਾਰੀ ਬੱਸ ਸਰਵਿਸ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਸਰਕਾਰੀ ਬੱਸਾਂ ਦੀ ਕੀਮਤ ‘ਤੇ ਪ੍ਰਾਈਵੇਟ ਅਦਾਰਿਆਂ ਨੂੰ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਅਧਿਕਾਰੀਆਂ ਨੂੰ ਬੱਸ ਟਾਈਮ-ਟੇਬਲ ਦੀਆਂ ਊਣਤਾਈਆਂ ਛੇਤੀ ਤੋਂ ਛੇਤੀ ਦੂਰ ਕਰਨ ਦੇ ਨਿਰਦੇਸ਼ ਦਿੱਤੇ।
ਲਾਲਜੀਤ ਸਿੰਘ ਭੁੱਲਰ ਨੇ ਪਨਬਸ ਦੀਆਂ ਕਰਜ਼ਾ-ਮੁਕਤ ਹੋ ਚੁੱਕੀਆਂ ਬੱਸਾਂ ਨੂੰ ਰੋਡਵੇਜ਼ ਵਿੱਚ ਮਰਜ ਕਰਨ ਬਾਰੇ ਦੱਸਿਆ ਕਿ ਪਨਬੱਸ ਦੀਆਂ 587 ਬੱਸਾਂ ਨੂੰ ਪੰਜਾਬ ਰੋਡਵੇਜ਼ ਵਿੱਚ ਸ਼ਾਮਲ ਕਰਨ ਬਾਰੇ ਮਾਮਲਾ ਆਖ਼ਰੀ ਪੜਾਅ ‘ਤੇ ਹੈ ਅਤੇ ਨੇੜ ਭਵਿੱਖ ਵਿੱਚ ਇਸ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਟਰਾਂਸਪੋਰਟ ਮੰਤਰੀ ਨੇ ਫ਼ੌਤ ਹੋ ਚੁਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਮਹਿਕਮੇ ਵਿੱਚ ਯੋਗਤਾ ਮੁਤਾਬਕ ਨੌਕਰੀ ਦੇਣ ਸਬੰਧੀ ਅਧਿਕਾਰੀਆਂ ਨੂੰ ਸਾਰੇ ਮਾਮਲੇ ਛੇਤੀ ਤੋਂ ਛੇਤੀ ਨਿਬੇੜਨ ਲਈ ਕਿਹਾ। ਇਸੇ ਤਰ੍ਹਾਂ ਅਦਾਰੇ ਵਿੱਚ ਕੰਮ ਕਰ ਰਹੇ ਕੰਟਰੈਕਟ ਕਾਮਿਆਂ ਨੂੰ ਵਿਭਾਗ ਵਿੱਚ ਪੱਕੇ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੀ ਵਚਨਬੱਧਤਾ ਤਹਿਤ ਇਸ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਸਰਕਾਰ ਵੱਲੋਂ ਗਠਤ ਸਬ-ਕਮੇਟੀ ਦੀ ਰਿਪੋਰਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
While presiding over meeting of representatives of Punjab Roadways/PUNBUS Employees Joint Action Committee, Transport Minister @LaljitBhullar assured employees of Punjab Roadways that their all legitimate demands are under consideration & will be fulfilled in a time-bound manner. pic.twitter.com/H7M57zpFxq
— Government of Punjab (@PunjabGovtIndia) May 12, 2023
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰ ਕੈਟਾਗਰੀ ਦੀ ਬਣਦੀ ਤਰੱਕੀ ਸਬੰਧੀ ਦੋ ਮਹੀਨਿਆਂ ਦੇ ਅੰਦਰ-ਅੰਦਰ ਕਾਰਵਾਈ ਕਰਨ ਅਤੇ ਇਸ ਸਬੰਧੀ ਰਿਪੋਰਟ ਪੇਸ਼ ਕਰਨ। ਇਸੇ ਤਰ੍ਹਾਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਖਸਤਾ ਹਾਲ ਵਰਕਸ਼ਾਪਾਂ ਦੀ ਰਿਪੇਅਰ ਲਈ ਫ਼ੰਡ ਜਾਰੀ ਕਰਨ ਅਤੇ ਬੱਸਾਂ ਦੇ ਸਪੇਅਰ ਪਾਰਟਸ ਦੀ ਖ਼ਰੀਦ ਸਮੇਂ ਸਿਰ ਕਰਨ ਜਿਹੀਆਂ ਮੰਗਾਂ ਬਾਰੇ ਵੀ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ।
ਮੀਟਿੰਗ ਦੌਰਾਨ ਟਰਾਂਸਪੋਰਟ ਵਿਭਾਗ ਦੇ ਸਕੱਤਰ ਸ. ਦਿਲਰਾਜ ਸਿੰਘ ਸੰਧਾਵਾਲੀਆ, ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਮੈਡਮ ਅਮਨਦੀਪ ਕੌਰ, ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਤੇ ਹੋਰ ਅਧਿਕਾਰੀ ਹਾਜ਼ਰ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h