Punjab DGP Gorav Yadav: ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਸਿਮ ਕਾਰਡ ਜਾਰੀ ਕਰਨ ਦੇ ਰੁਝਾਨ, ਜੋ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਿਆ ਹੈ, ਨੂੰ ਰੋਕਣ ਲਈ, ਪੰਜਾਬ ਪੁਲਿਸ ਨੇ ਕਥਿਤ ਤੌਰ ‘ਤੇ ਜਾਅਲੀ ਪਛਾਣ/ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਨਾਲ ਜਾਰੀ ਕੀਤੇ 1.8 ਲੱਖ ਤੋਂ ਵੱਧ ਸਿਮ ਕਾਰਡਾਂ ਨੂੰ ਬਲਾਕ ਕਰਵਾ ਦਿੱਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੇ ਅੰਦਰੂਨੀ ਸੁਰੱਖਿਆ ਵਿੰਗ ਵੱਲੋਂ ਦੂਰਸੰਚਾਰ ਵਿਭਾਗ (ਡੀਓਟੀ) ਦੇ ਸਹਿਯੋਗ ਨਾਲ ਪਛਾਣ ਦੇ ਜਾਅਲੀ ਸਬੂਤਾਂ ਦੇ ਆਧਾਰ ‘ਤੇ ਸਿਮ ਕਾਰਡ ਵੇਚਣ ਵਾਲੇ ਡਿਸਟ੍ਰੀਬਿਊਟਰਾਂ/ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕੀਤੀ ਗਈ ਹੈ ਕਿਉਂਕਿ ਜ਼ਿਆਦਾਤਰ ਸਾਈਬਰ ਅਪਰਾਧਾਂ ਅਤੇ ਦੇਸ਼ ਵਿਰੋਧੀ ਕਾਰਵਾਈਆਂ ਨੂੰ ਜਾਅਲੀ ਦਸਤਾਵੇਜ਼ਾਂ ‘ਤੇ ਜਾਂ ਤੀਜੀ ਧਿਰ ਦੇ ਨਾਵਾਂ ਦੀ ਵਰਤੋਂ ਕਰਕੇ ਜਾਰੀ ਕੀਤੇ ਮੋਬਾਈਲ ਨੰਬਰਾਂ ਰਾਹੀਂ ਅੰਜ਼ਾਮ ਦਿੱਤਾ ਜਾਂਦਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਅਲੀ ਸਬੂਤਾਂ ਦੇ ਆਧਾਰ ‘ਤੇ ਸਿਮ ਕਾਰਡ ਵੇਚਣ ਵਾਲੇ ਪੁਆਇੰਟ ਆਫ ਸੇਲਜ਼ (ਪੀਓਐਸ) ਡਿਸਟ੍ਰੀਬਿਊਟਰਾਂ/ਏਜੰਟਾਂ ਅਤੇ ਹੋਰ ਵਿਅਕਤੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਜਾਅਲੀ ਦਸਤਾਵੇਜ਼ਾਂ ‘ਤੇ ਸਿਮ ਕਾਰਡਾਂ ਦੀ ਵਿਕਰੀ ਵਿੱਚ ਸ਼ਾਮਲ ਅਜਿਹੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਭਾਰਤੀ ਦੰਡਾਵਲੀ ਦੀ ਧਾਰਾ 420, 465, 467 ਅਤੇ 471 ਤਹਿਤ 52 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ।
.@DGPPunjabPolice Gaurav Yadav said that @PunjabPoliceInd have got blocked over 1.8 lakh SIM cards allegedly activated using fake identities/forged documents & arrested 17 persons, who were found indulged in sale of SIM cards on fake documents, besides registering 52 first FIRs.
— Government of Punjab (@PunjabGovtIndia) May 25, 2023
ਵੇਰਵੇ ਦਿੰਦਿਆਂ, ਸਪੈਸ਼ਲ ਡੀਜੀਪੀ ਅੰਦਰੂਨੀ ਸੁਰੱਖਿਆ ਆਰ. ਐਨ. ਢੋਕੇ ਨੇ ਦੱਸਿਆ ਕਿ ਉਹਨਾਂ ਨੇ ਦੂਰਸੰਚਾਰ ਵਿਭਾਗ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ, ਜਿਸ ਉਪਰੰਤ ਇਹ ਕਾਰਵਾਈ ਆਰੰਭੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਕਾਊਂਟਰ ਇੰਟੈਲੀਜੈਂਸ ਰਾਕੇਸ਼ ਅਗਰਵਾਲ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ ਅਤੇ ਜਾਅਲੀ ਦਸਤਾਵੇਜਾਂ ਰਾਹੀਂ ਜਾਰੀ ਕੀਤੇ ਸਿਮ ਕਾਰਡਾਂ ਦੀ ਸ਼ਨਾਖਤ ਕਰਨ ਲਈ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇੱਕ ਮਾਮਲੇ ਵਿੱਚ ਜਾਅਲੀ ਦਸਤਾਵੇਜਾਂ ਦੀ ਵਰਤੋਂ ਕਰਕੇ ਇੱਕੋ ਫੋਟੋ ਨਾਲ ਨਾਮ ਬਦਲ ਕੇ 500 ਦੇ ਕਰੀਬ ਸਿਮ ਕਾਰਡ ਜਾਰੀ ਕੀਤੇ ਗਏ ਹਨ।
ਸਪੈਸ਼ਲ ਡੀਜੀਪੀ ਨੇ ਪੰਜਾਬ ਭਰ ਦੇ ਰਿਟੇਲਰਾਂ ਨੂੰ ਆਪਣੇ ਗਾਹਕ ਨੂੰ ਜਾਣੋ (ਕੇ.ਵਾਈ.ਸੀ.) ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ। ਉਹਨਾਂ ਅੱਗੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਦੀਆਂ ਵਿਸ਼ੇਸ਼ ਟੀਮਾਂ ਜ਼ਿਲ੍ਹਾ ਪੁਲਿਸ ਨਾਲ ਤਾਲਮੇਲ ਕਰਕੇ ਉਹਨਾਂ ਸਿਮ ਕਾਰਡ ਰਿਟੇਲਰਾਂ ਦੀ ਪਛਾਣ ਕਰ ਰਹੀਆਂ ਹਨ, ਜਿਨ੍ਹਾਂ ਨੇ ਪਛਾਣ ਦੇ ਇੱਕੋ ਸਬੂਤ ਨਾਲ ਵੱਖ-ਵੱਖ ਮੋਬਾਈਲ ਫ਼ੋਨ ਨੰਬਰ ਜਾਰੀ ਕੀਤੇ ਹਨ।
ਉਹਨਾਂ ਅੱਗੇ ਕਿ ਕਿਹਾ ਕਿ ਉਹ ਅਜਿਹੇ ਏਜੰਟਾਂ ਨੂੰ ਬਲੈਕਲਿਸਟ ਕਰਨ ਲਈ ਦੂਰਸੰਚਾਰ ਅਥਾਰਟੀਆਂ ਕੋਲ ਮੁੱਦਾ ਉਠਾਉਣਗੇ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਪਛਾਣ ਦੇ ਜਾਅਲੀ ਸਬੂਤਾਂ ਰਾਹੀਂ ਜਾਰੀ ਕੀਤੇ ਗਏ ਇਨ੍ਹਾਂ ਸਿਮ ਕਾਰਡਾਂ ਦੇ ਅਸਲ ਉਪਭੋਗਤਾ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h