Sangrur News: ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਤੇ ਨਵੀ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਵਲੋਂ ਸਾਂਝੇ ਤੌਰ ‘ਤੇ ਸੁਨਾਮ ਅਤੇ ਈਲਵਾਲ ਵਿਖੇ 66 ਕੇ.ਵੀ. ਗਰਿੱਡ ਸਬ-ਸਟੇਸ਼ਨਾਂ ਦੇ ਨੀਂਹ ਪੱਥਰ ਰੱਖੇ ਗਏ।
ਈਲਵਾਲ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਹ ਦੋਵੇਂ ਪ੍ਰੋਜੈਕਟਾਂ ਨੂੰ 11.24 ਕਰੋੜ ਰੁਪਏ ਦੀ ਲਾਗਤ ਨਾਲ 31 ਦਸੰਬਰ 2023 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਬਿਜਲੀ ਦੀ ਕਮੀ ਨੂੰ ਮੁਕੰਮਲ ਤੌਰ ਤੇ ਦੂਰ ਕਰਨ ਲਈ ਉਹ ਪੂਰੇ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਪ੍ਰੋਜੈਕਟਾਂ ਵਾਂਗ ਹੀ ਸੂਬੇ ਦੇ ਹੋਰ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਵਿੱਚ ਆਮ ਲੋਕਾਂ, ਉਦਯੋਗਿਕ ਅਤੇ ਖੇਤੀਬਾੜੀ ਖਪਤਕਾਰਾਂ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ, ਵੋਲਟੇਜ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਬਿਜਲੀ ਸਪਲਾਈ ਦੀ ਗੁਣਵੱਤਤਾ ਅਤੇ ਭਰੋਸੇਯੋਗਤਾ ਵਧਾਉਣ ਦੀ ਦਿਸ਼ਾ ਵਿੱਚ ਸਾਰਥਕ ਕਦਮ ਪੁੱਟੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 33 ਕੇ.ਵੀ. ਪਾਵਰ ਕਲੋਨੀ ਸੁਨਾਮ ਵਿਖੇ ਕਰੀਬ 7.84 ਕਰੋੜ ਅਤੇ ਈਲਵਾਲ ਵਿਖੇ ਕਰੀਬ 3.40 ਕਰੋੜ ਰੁਪਏ ਦੀ ਲਾਗਤ ਨਾਲ ਗਰਿੱਡ ਸਬ-ਸਟੇਸ਼ਨ ਦਾ ਨਿਰਮਾਣ ਹੋਵੇਗਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਸੂਬੇ ਵਿੱਚ ਬਿਜਲੀ ਦੀ ਕੋਈ ਕਮੀਂ ਨਹੀ ਆਉਣ ਦਿੱਤੀ ਗਈ ਅਤੇ ਇਸ ਸਾਲ ਵੀ ਪਿਛਲੇ ਸਾਲ ਨਾਲੋਂ ਵੱਧ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਪਿਛਲੇ 14 ਮਹੀਨਿਆਂ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਮਹਿਜ਼ 3 ਮਹੀਨਿਆਂ ਬਾਅਦ ਹੀ ਜੁਲਾਈ ਵਿੱਚ 600 ਯੂਨਿਟ ਬਿਜਲੀ ਮੁਫ਼ਤ ਕਰਨ ਦੇ ਵਾਅਦੇ ਨੂੰ ਪੂਰਾ ਕੀਤਾ ਗਿਆ ਅਤੇ ਮੌਜੂਦਾ ਸਮੇਂ ਵਿੱਚ ਕਰੀਬ 90 ਫ਼ੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।
ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਬਿਨ੍ਹਾਂ ਕਿਸੇ ਵਾਧੂ ਦੀ ਖੱਜਲਖੁਆਰੀ ਜਾਂ ਵਿਤਕਰੇ ਤੋਂ ਇਹ ਸੁਵਿਧਾ ਮੁਹੱਈਆ ਕਰਵਾਈ ਹੈ ਅਤੇ ਘਰ ਬੈਠਿਆ ਹੀ ਲੋਕ ਇਸ ਸੁਵਿਧਾ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਥਰਮਲ ਪਲਾਂਟਾਂ ਵਿੱਚ 44 ਦਿਨਾਂ ਦੀ ਲੋੜ ਮੁਤਾਬਕ ਕੋਲਾ ਉਪਲਬਧ ਹੈ ਜਿਸਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ। ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਸਰਕਾਰ ਵਲੋਂ ਨਿਰੋਲ ਮੈਰਿਟ ਦੇ ਅਧਾਰ ਤੇ ਹੁਣ ਤੱਕ 29000 ਤੋਂ ਵੀ ਵੱਧ ਲੋੜਵੰਦਾਂ ਨੂੰ ਨੌਕਰੀਆਂ ਦੇਣ, 584 ਮੁਹੱਲਾ ਕਲੀਨਿਕ ਸਥਾਪਤ ਕਰਨ, ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ, ਜ਼ਮੀਨਾਂ ਤੋਂ ਨਜ਼ਾਇਜ਼ ਕਬਜ਼ੇ ਹਟਾਉਣ ਅਤੇ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਅਪਨਾਉਣ ਜਿਹੇ ਮਹੱਤਵਪੂਰਨ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਬੇਮਿਸਾਲ ਕੰਮ ਹੋ ਰਹੇ ਹਨ ਅਤੇ ਇਮਾਨਦਾਰੀ ਵਾਲੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਲੋਕ ਹਿੱਤਾਂ ਨੂੰ ਤਰਜ਼ੀਹ ਦੇਣ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਕੰਮ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਪ੍ਰਗਤੀ ਅਧੀਨ ਹਨ।
ਅਮਨ ਅਰੋੜਾ ਨੇ ਕਿਹਾ ਕਿ ਸਰਕਾਰੀ ਤੰਤਰ ਵਿੱਚੋਂ ਭ੍ਰਿਸ਼ਟਾਚਾਰ ਦਾ ਮੁਕੰਮਲ ਖਾਤਮਾ ਕਰਨ ਲਈ ਅਸੀ ਵਚਨਬੱਧ ਹਾਂ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰੀ ਖ਼ਜਾਨੇ ਨੂੰ ਲੋਕ ਭਲਾਈ ਲਈ ਹੀ ਵਰਤਿਆ ਜਾਵੇ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਲੁੱਟ ਖਸੁੱਟ ਕਰਨ ਵਾਲਿਆਂ ਨੂੰ ਲੋਕਾਂ ਨੇ ਖੁਦ ਹੀ ਜਵਾਬ ਦੇ ਦਿੱਤਾ ਹੈ ਅਤੇ ਵਿਰੋਧੀਆਂ ਕੋਲ ਕੋਈ ਮੁੱਦਾ ਨਹੀ ਰਿਹਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਅਤ ਸਾਫ਼ ਹੈ ਜਿਸ ਦੇ ਸ਼ਾਨਦਾਰ ਨਤੀਜੇ ਸਭ ਦੇ ਸਾਹਮਣੇ ਹਨ। ਉਨ੍ਹਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਜਲੀ ਮੰਤਰੀ ਨੇ ਆਪਣੀ ਮਿਹਨਤ ਅਤੇ ਪ੍ਰਭਾਵਸ਼ਾਲੀ ਕਾਰਜਸ਼ੈਲੀ ਸਦਕਾ ਪੀਐਸਪੀਸੀਐਲ ਦਾ ਕਾਇਆ ਕਲਪ ਕਰ ਦਿੱਤਾ ਹੈ।
ਅੱਜ ਹਲਕਾ ਸੁਨਾਮ ਵਿਖੇ ਆਪਣੇ ਕੈਬਨਿਟ ਦੇ ਸਾਥੀ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਨਾਲ 66 ਕੇ.ਵੀ ਗਰਿੱਡ ਪਾਵਰ ਕਲੋਨੀ ਅਤੇ 66 ਕੇ. ਵੀ ਗਰਿੱਡ ਇਲਵਾਲ ਦਾ ਨੀਂਹ ਪੱਥਰ ਰੱਖਿਆ । ਇਹ ਦੋਵੇਂ ਗਰਿੱਡ 31.12.2023 ਨੂੰ ਬਣ ਕੇ ਤਿਆਰ ਹੋ ਜਾਣਗੇ ਜਿਸ ਨਾਲ ਆਸ ਪਾਸ ਦੇ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।#HarbhajanSinghETO #PSPCL pic.twitter.com/c4hOQUjwSF
— Harbhajan Singh ETO (@AAPHarbhajan) May 29, 2023
ਇਸ ਮੌਕੇ ਪੀਐਸਪੀਸੀਐਲ ਦੇ ਡਾਇਰੈਕਟਰ ਵੰਡ ਦੀਪੇਂਦਰ ਸਿੰਘ ਗਰੇਵਾਲ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਅਮਨ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ.ਡੀ.ਐਮ. ਰਾਜੇਸ਼ ਸ਼ਰਮਾ, ਐਸ.ਡੀ.ਐਮ. ਨਵਰੀਤ ਕੌਰ ਸੇਖੋਂ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਜਸਪਿੰਦਰ ਸਿੰਘ, ਆਸ਼ਾ ਬਜਾਜ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਗੁਰਤੇਜ ਸਿੰਘ ਨਿੱਕਾ ਮੀਤ ਪ੍ਰਧਾਨ, ਬਲਜੀਤ ਸਿੰਘ ਐਮ.ਸੀ., ਲਾਭ ਸਿੰਘ, ਪਰਮਿੰਦਰ ਧਾਲੀਵਾਲ, ਰਾਜਾ ਨਕਟੇ, ਅਮਰੀਕ ਸਿੰਘ ਧਾਲੀਵਾਲ, ਹਰਦੀਪ ਸਿੰਘ ਭਰੂਰ, ਭਾਨੂ ਪ੍ਰਤਾਪ, ਨਰਿੰਦਰ ਠੇਕੇਦਾਰ, ਮਨਪ੍ਰੀਤ ਬਾਂਸਲ, ਨਿਰਮਲਾ ਦੇਵੀ, ਸਾਹਿਬ ਸਿੰਘ, ਹਰਮੀਤ ਵਿਰਕ, ਮਨੀ ਸਰਾਓ, ਵਿਸ਼ਵਮੀਤ ਸਿੰਘ, ਤਾਰੀ ਸਿੰਘ, ਪੰਮ ਥਿੰਦ, ਮੰਗਲ ਸਿੰਘ, ਹਰਪਾਲ ਬਡਰੁੱਖਾਂ, ਕਾਲਾ ਬਡਰੁੱਖਾਂ ਅਤੇ ਵਿਸ਼ਾਲ ਕੌਸ਼ਲ ਸਾਹਿਲ ਜਦਕਿ ਈਲਵਾਲ ਵਿਖੇ ਸੀਨੀਅਰ ਆਪ ਆਗੂ ਅਵਤਾਰ ਸਿੰਘ ਈਲਵਾਲ, ਬਲਜਿੰਦਰ ਸਿੰਘ, ਮਨਦੀਪ ਸਿੰਘ ਬਲਾਕ ਪ੍ਰਧਾਨ, ਗੁਰਿੰਦਰਪਾਲ ਸਿੰਘ ਖੇੜੀ ਸਰਪੰਚ, ਬਲਦੇਵ ਸਿੰਘ, ਹਰਪਾਲ ਸਿੰਘ ਬਡਰੁੱਖਾਂ, ਲਾਭ ਸਿੰਘ ਨੀਲੋਵਾਲ, ਪਰਮਿੰਦਰ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਰਾਜਾ ਚੱਠੇ ਨਕਟੇ, ਅਮਰੀਕ ਸਿੰਘ ਧਾਲੀਵਾਲ, ਕਾਲਾ ਬਡਰੁੱਖਾਂ, ਕੁਲਵੰਤ ਬਾਵਾ ਬਲਾਕ ਸੰਮਤੀ ਮੈਂਬਰ, ਦੀਪ ਸਰਪੰਚ, ਦਰਸਨ ਸਿੰਘ ਸੰਘਰੇੜੀ, ਹਰਦੀਪ ਸਿੰਘ ਸੰਘਰੇੜੀ, ਤਾਰੀ ਨਾਗਰਾ, ਗੁਰਤੇਜ ਸਿੰਘ ਨਾਗਰਾ, ਚਰਨਜੀਤ ਸਿੰਘ ਚੰਨੀ, ਬੌਬੀ ਪ੍ਰਧਾਨ, ਨਰਿੰਦਰ ਸ਼ਰਮਾ ਨਿੰਦੀ, ਦਲਜੀਤ ਸਿੰਘ ਕੰਮੋਮਾਜਰਾ, ਸਰੀਫ ਖਾਨ ਅਤੇ ਪੀ.ਐਸ.ਪੀ.ਸੀ.ਐਲ ਤੋਂ ਮੁੱਖ ਇੰਜੀਅਨਰ ਦੱਖਣ ਇੰਦਰਪਾਲ ਸਿੰਘ, ਮੁੱਖ ਇੰਜ: ਟਰਾਂਸਮਿਸ਼ਨ ਇੰਦਰਜੀਤ ਸਿੰਘ, ਉਪ ਮੁੱਖ ਇੰਜ: ਆਰ.ਕੇ. ਮਿੱਤਲ, ਐਸ.ਪੀ. ਸਿੰਘ ਅਤੇ ਐਸ.ਕੇ. ਜਿੰਦਲ ਵੀ ਮੌਜੂਦ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h