ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਜਿਸ ਨੂੰ ਗੁਰੂ ਨਗਰੀ ਹੋਣ ਦਾ ਮਾਣ ਪ੍ਰਾਪਤ ਹੈ। ਅੰਮ੍ਰਿਤਸਰ ਤੋਂ ਥੋੜੀ ਹੀ ਦੂਰ ਪਿੰਡ ਹੈ ਗੁਰੂ ਕੀ ਵਡਾਲੀ। ਇਸ ਪਿੰਡ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਕ ਜੂਨ 1595 ਈ ਨੂੰ ਜਨਮ ਲਿਆ। ਇਸੇ ਕਰਕੇ ਉਸ ਨਗਰ ਨੂੰ ਅੱਜ ‘ਗੁਰੂ ਕੀ ਵਡਾਲੀ’ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਬਚਪਨ ਤੋਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਣੀ ਪੜ੍ਹਨ ਅਤੇ ਵਿਦਿਆ ਸਿੱਖਣ ਲਈ ਬਾਬਾ ਬੁੱਢਾ ਸਾਹਿਬ ਜੀ ਦੇ ਲੜ ਲਗਾ ਦਿੱਤਾ। ਉਨ੍ਹਾਂ ਨੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। ਸੰਨ 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿਦਿਆ ਦਾ ਆਪ ਜੀ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਇਸ ਕਲਾ ਵਿਚ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਜੀ ਨੂੰ ਦੇਖ ਕੇ ਮਹਾਂਬਲੀ ਯੋਧਾ ਨਾਂ ਨਾਲ ਪੁਕਾਰਦੇ ਸਨ।
ਆਪ ਦਾ ਵਿਆਹ ਗੁਰੂ ਮਹਿਲ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾਂ ਦੇਵੀ (ਮਰਵਾਹੀ) ਨਾਲ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ।
ਜੋ ਸਿੱਖ ਸ਼ਸਤਰ ਜਾਂ ਘੋੜਾ ਗੁਰੂ ਸਾਹਿਬ ਨੂੰ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ। 6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ, ਜਿਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ:
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ- ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ।
ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ, ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ।
1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋ ਬਾਗ਼ੀ ਹੋ ਕੇ ਆਗਰੇ ਤੋਂ ਪੰਜਾਬ ਆ ਗਿਆ। ਤਿੰਨ ਕੁ ਹਫ਼ਤਿਆਂ ਬਾਅਦ ਉਹ ਦਰਿਆ ਝਨਾਂ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹਿੰਦੀ ਤੇ ਹੋਰ ਕੱਟੜਵਾਦੀਆਂ ਨੇ ਜਹਾਂਗੀਰ ਦੇ ਕੰਨ ਭਰੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੀ ਮਦਦ ਕੀਤੀ ਹੈ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿੱਤਾ।
15 ਮਈ 1606 ਦੇ ਆਖ਼ਰੀ ਹਫ਼ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨਾਲ ਚਰਚਾ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਿਆਈ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ। ਉਸ ਸਮੇਂ ਗੁਰੂ ਸਾਹਿਬ ਜੀ ਦੀ ਉਮਰ 11 ਕੁ ਸਾਲ ਦੀ ਸੀ। ਛੇਵੇਂ ਪਾਤਸ਼ਾਹ ਜੀ ਨੇ ਸੱਤਾ ਦੇ ਅਤਿਆਚਾਰਾਂ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦਸਵੰਧ ਦੇ ਨਾਲ-ਨਾਲ ਵਧੀਆ ਘੋੜੇ ਤੇ ਸ਼ਸਤਰ ਗੁਰੂ ਘਰ ‘ਚ ਭੇਟ ਕਰਨ ਦੇ ਹੁਕਮਨਾਮੇ ਜਾਰੀ ਕੀਤੇ। ਸਿਖਾਂ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਯੋਗ ਪ੍ਰਬੰਧ ਕੀਤਾ। ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵਧਣ ਲੱਗੀ। ਸੱਤਾ ਦੇ ਮੁਕਾਬਲੇ ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ।
ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿਦਿਆ ਸਿਖਾਉਣ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਵਰਗੇ ਚੋਣਵੇਂ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ। ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਨੌਜਵਾਨ ਆਪ ਦੀ ਸ਼ਰਨ ਵਿਚ ਇਕੱਠੇ ਹੋ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਨੇ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿਚ ਭਰਤੀ ਹੋ ਗਏ।
ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਪਹਿਲੀ ਜੰਗ 27 ਸਤੰਬਰ 1621 ਈ: ਨੂੰ ਰੁਹੇਲਾ ’ਤੇ ਹੋਈ, ਜਿਸ ਦਾ ਕਾਰਨ ਉਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਘੇਰੜ (ਚੰਦੂ ਦਾ ਕੁੜਮ) ਦਾ ਹੰਕਾਰ ਸੀ, ਜੋ ਗੁਰੂ ਜੀ ਦੇ ਜੇਲ੍ਹ ਜਾਣ ਉਪਰੰਤ ਗੁਰੂ ਘਰ ਦੀ ਜ਼ਮੀਨ ਦਾ ਮਾਲਕ ਬਣ ਬੈਠਾ ਸੀ। ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਦੀ ਚੁੱਕਣਾ ’ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖ਼ਾਨ ਫੌਜ ਸਮੇਤ ਗੁਰੂ ਜੀ ’ਤੇ ਚੜ੍ਹਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ, ਇਸ ਲੜਾਈ ਵਿੱਚ ਭਗਵਾਨ ਦਾਸ, ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ ਮਾਰੇ ਗਏ ।
28 ਅਕਤੂਬਰ 1627 ਨੂੰ ਜਹਾਂਗੀਰ ਦੀ ਮੌਤ ਹੋ ਗਈ। ਜਹਾਂਗੀਰ ਦਾ ਪੁੱਤਰ ਬਾਦਸ਼ਾਹ ਸ਼ਾਹਜਹਾਨ ਵੀ ਹੌਲ਼ੀ ਹੌਲ਼ੀ ਮੁਤੱਸਬੀ ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਗਿਆ।
ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ-ਦਿਨ ਨਿਖਰਦੀ ਗਈ।
ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕਢਿਆ। 1635 ਵਿਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ। ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਹਰਿ ਰਾਏ ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ।