ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਾਰਮਿਕ ਪ੍ਰਭੂਸੱਤਾ ਦਾ ਮੁੱਖ ਕੇਂਦਰ ਅਤੇ ਸਿੱਖ ਰਾਜਨੀਤਿਕ ਇਕੱਠਾਂ ਲਈ ਕੇਂਦਰੀ ਸਥਾਨ ਹੈ। ਪਹਿਲਾਂ ਇਸਦਾ ਨਾਮ ਅਕਾਲ ਬੁੰਗਾ ਸੀ, ਜੋ ਬਾਅਦ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ‘ਅਕਾਲ ਤਖ਼ਤ’ ਸਾਹਿਬ ਦੋ ਸ਼ਬਦਾਂ ਦਾ ਸੁਮੇਲ ਹੈ। ‘ਅਕਾਲ’ ਭਾਵ ਪਰਮਾਤਮਾ ਜਿਸ ਉਪਰ ਕਾਲ ਭਾਵ ਸਮੇਂ ਦਾ ਅਸਰ ਨਹੀਂ । ‘ਤਖ਼ਤ’ ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸ਼ਾਹੀ ਤਖ਼ਤ ਜਾਂ ਰਾਜ ਸਿੰਘਾਸਣ । ਇਸ ਤਰ੍ਹਾਂ ਅਕਾਲ ਤਖ਼ਤ ਦਾ ਭਾਵ, ਉਹ ਤਖ਼ਤ ਜੋ ਸਦਾ ਕਾਇਮ ਰਹਿਣ ਵਾਲਾ ਹੈ। ਦੂਜੇ ਸ਼ਬਦਾਂ ‘ਚ ‘ਤਖ਼ਤ’ ਸ਼ਬਦ ਦਾ ਅਰਥ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਨ ਵੀ ਹੈ, ਜਿੱਥੇ ਬੈਠਕੇ ਰਾਜਾ ਆਪਣੇ ਰਾਜ ਦੇ ਕੰਮ ਕਰਦਾ ਹੈ ।
ਸ੍ਰੀ ਅਕਾਲ ਤਖ਼ਤ ਸਾਹਿਬ ਉਹ ਪਾਵਨ ਅਸਥਾਨ ਹੈ ਜਿੱਥੋਂ ਸਿੱਖੀ ਅਤੇ ਸਿੱਖਾਂ ਦੇ ਅੰਦਰੂਨੀ, ਕੌਮਾਂਤਰੀ ਅਤੇ ਕੌਮੀ ਪੱਧਰ ਦੇ ਮਸਲਿਆਂ ਦੀ ਅਗਵਾਈ ਕੀਤੀ ਜਾਂਦੀ ਹੈ। ਇਥੋਂ ਕਿਸੇ ਵੀ ਸਿੱਖ ਸਿਧਾਂਤ ਜਾਂ ਰਹਿਤ ਸੰਬੰਧੀ ਮਸਲੇ ਬਾਰੇ ਰਹਿਨੁਮਾਈ ਜਾਂ ਸਪੱਸ਼ਟੀਕਰਨ ਲਈ ਹੁਕਮਨਾਮੇ ਜਾਰੀ ਕੀਤੇ ਜਾ ਸਕਦੇ ਹਨ। ਇਥੋਂ ਕਿਸੇ ਵੀ ਧਾਰਮਿਕ ਨਿਯਮ ਨੂੰ ਭੰਗ ਕਰਨ ਕਰਕੇ ਜਾਂ ਸਿੱਖ ਹਿੱਤਾਂ ਦੇ ਜਾਂ ਕਿਸੇ ਵਿਅਕਤੀ ਦੇ ਵਿਰੁੱਧ ਕੀਤੇ ਹੋਏ ਕਿਸੇ ਵੀ ਗ਼ਲਤ ਕੰਮ ਲਈ ਤਨਖ਼ਾਹ ਲਗਾਈ ਜਾ ਸਕਦੀ ਹੈ। ਇਥੋਂ ਕਿਸੇ ਵਿਅਕਤੀ ਦੁਆਰਾ ਸਿੱਖ ਧਰਮ ਲਈ ਕੀਤੀ ਕੁਰਬਾਨੀ ਜਾਂ ਕੀਤੀ ਹੋਈ ਮਹਾਨ ਸੇਵਾ ਲਈ ਮਾਣ ਸਨਮਾਨ ਦਿੱਤਾ ਅਤੇ ਦਰਜ ਕੀਤਾ ਜਾਂਦਾ ਹੈ। ਸਰਬੱਤ ਖ਼ਾਲਸਾ ਦੇ ਸੰਮੇਲਨ ਪਰੰਪਰਾ ਦੇ ਤੌਰ ‘ਤੇ ਅਕਾਲ ਤਖ਼ਤ ਉਤੇ ਹੁੰਦੇ ਹਨ।
ਸਿੱਖ ਧਰਮ ਵਿੱਚ ਪਵਿੱਤਰ ਇਨ੍ਹਾਂ ਪਾਵਨ ਅਸਥਾਨਾਂ ਨੂੰ ਤਖ਼ਤ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਨਾਂ ਹੇਠਾਂ ਹਨ:-
1. ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।
2. ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ,ਬਿਹਾਰ।
3. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ, ਪੰਜਾਬ।
4. ਤਖ਼ਤ ਸ੍ਰੀ ਦਮਦਮਾ ਸਾਹਿਬ , ਸਾਬੋ ਕੀ ਤਲਵੰਡੀ, ਪੰਜਾਬ
5. ਤਖ਼ਤ ਸੱਚਖੰਡ ਹਜ਼ੂਰ ਸਾਹਿਬ, ਅਬਚਲ ਨਗਰ , ਨੰਦੇੜ, ਮਹਾਰਾਸ਼ਟਰ
ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੱਡ ਕੇ ਬਾਕੀ ਚਾਰੇ ਦੇ ਚਾਰੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹਨ। ਇਹਨਾਂ ਪੰਜਾਂ ਤਖ਼ਤਾਂ ਦਾ ਇੱਕੋ ਜਿਹਾ ਸਤਿਕਾਰ ਕੀਤਾ ਜਾਂਦਾ ਹੈ ਪਰ ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖ਼ਤ ਦਾ ਵਿਸ਼ੇਸ਼ ਅਸਥਾਨ ਹੈ। ਇਤਿਹਾਸਿਕ ਤੌਰ ‘ਤੇ ਤਖ਼ਤਾਂ ਵਿਚੋਂ ਇਹ ਸਭ ਤੋਂ ਪੁਰਾਤਨ ਹੈ । ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਧਰਤ ਸੁਹਾਵੀ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸੁਤੰਤਰ ਸਿੱਖ ਸੋਚ ਨੂੰ ਰੂਪਮਾਨ ਕਰਨ ਲਈ 1606 ਈ: ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ ਗਈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਵਾਕ ਅਨੁਸਾਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹੀ ਆਪਣੇ ਕਰ ਕਮਲਾਂ ਨਾਲ ਉਸਾਰੀ ਕੀਤੀ।
ਸਿੱਖ ਧਰਮ ਵਿਚ ਮੀਰੀ ਪੀਰੀ ਦਾ ਸੁਮੇਲ ਕਰਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਅਤੇ ਗੱਦੀ ਨਸ਼ੀਨ ਗੁਰੂ ਹਰਿਗੋਬਿੰਦ ਜੀ ਨੇ ਜੀਵਨ ਦੇ ਸ਼ਾਹੀ ਤੌਰ ਤਰੀਕਿਆਂ ਨੂੰ ਅਪਣਾ ਲਿਆ ਸੀ। ਗੱਦੀ ਨਸ਼ੀਨੀ ਦੀ ਰਸਮ ਲਈ ਗੁਰੂ ਜੀ ਨੇ ਹਰਿਮੰਦਰ ਦੇ ਸਾਹਮਣੇ ਇਕ ਥੜ੍ਹਾ ਬਣਵਾਇਆ ਜਿਸਦਾ ਨਾਂ ਅਕਾਲ ਤਖ਼ਤ ਰੱਖਿਆ। ਗੁਰ ਬਿਲਾਸ ਛੇਵੀਂ ਪਾਤਸ਼ਾਹੀ ਵਿੱਚ ਗੁਰੂ ਹਰਿਗੋਬਿੰਦ ਜੀ ਦੇ ਜੀਵਨ ਬਾਰੇ ਸਭ ਤੋਂ ਪੁਰਾਤਨ ਵਰਣਨ ਹੈ ਅਤੇ ਇਸ ਅਨੁਸਾਰ ਇਸ ਤਖ਼ਤ ਦੀ ਰਚਨਾ ਅਰੰਭ ਹਾੜ ਵਦੀ 5, 1663 ਬਿਕਰਮੀ/15 ਜੂਨ 1606 ਨੂੰ ਹੋਈ ਅਤੇ ਸੰਨ 1608 ਵਿੱਚ ਸ੍ਰੀ ਅਕਾਲ ਤਖ਼ਤ ਦੀ ਰਚਨਾ ਸੰਪੂਰਨ ਹੋਈ {ਸਿੱਖ ਪੰਥ ਵਿਸ਼ਵ ਕੋਸ਼ ਅਨੁਸਾਰ}। ਗੁਰੂ ਜੀ ਨੇ ਨੀਂਹ ਪੱਥਰ ਰੱਖਿਆ ਅਤੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇਸ ਦੀ ਉਸਾਰੀ ਸੰਪੂਰਨ ਕੀਤੀ।
ਕਰ ਅਰਦਾਸ ਸ੍ਰੀ ਸਤਿਗੁਰੂ ਪੁੰਨ ਪ੍ਰਸਾਦਿ ਵਰਤਾਇ।।
ਪ੍ਰਿਥਮ ਨੀਵ ਸਈ ਗੁਰ ਰਖੀ ਅਬਚਲ ਤਖਤ ਸਹਾਇ।26।
“ਕਿਸੀ ਰਾਜ ਨਹਿ ਹਾਥ ਲਗਾਯੋ, ਬੁਢਾ ਔ ਗੁਰਦਾਸ ਬਨਾਯੋ।।”{ਗੁਰ ਬਿਲਾਸ ਪਾਤਸ਼ਾਹੀ 6, ਅਧਿਆਏ 8}
ਗੁਰੂ ਹਰਿਗੋਬਿੰਦ ਜੀ ਦੀ ਗੱਦੀ ਨਸ਼ੀਨੀ 26 ਹਾੜ ਸੁਦੀ 10, 1663 ਬਿਕਰਮੀ/ 24 ਜੂਨ 1606 ਨੂੰ ਹੋਈ ਸੀ। 6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ। ਜਿਨ੍ਹਾਂ ਵਿਚੋਂ ਇੱਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ:
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।’
15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦਾ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਉਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ। ਭਾਈ ਗੁਰਦਾਸ ਨੂੰ ਅਕਾਲ ਤਖ਼ਤ ਦਾ ਧਾਰਮਿਕ ਕਾਰਜ (ਜਥੇਦਾਰ) ਥਾਪਿਆ ਗਿਆ। ਮਗਰੋਂ ਇਸ ਤਖ਼ਤ ਉਤੇ ਜੋ ਇਮਾਰਤ ਉਸਾਰੀ ਗਈ ਉਸ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ ਅਤੇ ਇਸ ਲਈ ਇਹ ਤਖ਼ਤ ਸ੍ਰੀ ਅਕਾਲ ਬੁੰਗਾ ਕਰਕੇ ਜਾਣਿਆ ਜਾਂਦਾ ਰਿਹਾ ਹੈ। ਭਾਵੇਂ ਕਿ ਇਸ ਅਸਥਾਨ ਦਾ ਨਾਂ ਅਕਾਲ ਤਖ਼ਤ ਵਧੇਰੇ ਪ੍ਰਸਿੱਧ ਹੋਇਆ। ਇਸ ਇਮਾਰਤ ਦੇ ਦਰਸ਼ਨੀ ਡਿਉੜੀ ਵਾਲੇ ਪਾਸੇ ਗੁਰੂ ਹਰਿਗੋਬਿੰਦ ਸਾਹਿਬ ਸ਼ਾਮ ਵੇਲੇ ਆਪਣਾ ਸਿੰਘਾਸਨ ਲਗਾਉਂਦੇ ਸਨ ਅਤੇ ਖੁੱਲ੍ਹੇ ਮੈਦਾਨ ਵਿੱਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਸਨ, ਨਾਲੇ ਸ਼ਸਤ੍ਰਾਂ ਦਾ ਅਭਿਆਸ ਕੀਤਾ ਜਾਂਦਾ ਸੀ। ਇਥੇ ਹੀ ਕਥਾ-ਵਾਰਤਾ ਹੁੰਦੀ ਸੀ, ਢਾਡੀ ਵਾਰਾਂ ਗਾਉਂਦੇ ਸਨ।