ਸਿਨੇਮਾ ਜਗਤ ਲਈ ਬੁਰੀ ਖ਼ਬਰ ਹੈ। ਮਸ਼ਹੂਰ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਦਰਅਸਲ ਉਹ ਕੈਂਸਰ ਤੋਂ ਪੀੜਤ ਸਨ। ਮੰਗਲ ਢਿੱਲੋਂ ਨੇ ਚਰਚਿਤ ਫਿਲਮ ‘ਖ਼ੂਨ ਭਰੀ ਮਾਂਗ’ ਸਮੇਤ ਕਈ ਮਸ਼ਹੂਰ ਹਿੰਦੀ ਤੇ ਪੰਜਾਬੀ ਫਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਕਈ ਟੀਵੀ ਸੀਰੀਅਲਜ਼ ਵਿਚ ਵੀ ਦਮਦਾਰ ਰੋਲ ਨਿਭਾਏ। ਮੰਗਲ ਢਿੱਲੋਂ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ।
ਸਿੱਖ ਪਰਿਵਾਰ ‘ਚ ਜਨਮੇ ਮੰਗਲ ਢਿੱਲੋਂ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਦੇ ਰਹਿਣ ਵਾਲੇ ਸਨ। ਚੌਥੀ ਤਕ ਉਹ ਪੰਜ ਗਰਾਈਆਂ ਕਲਾਂ ਦੇ ਸਰਕਾਰੀ ਸਕੂਲ ‘ਚ ਪੜ੍ਹੇ ਪਰ ਬਾਅਦ ਵਿਚ ਉਹ ਆਪਣੇ ਪਿਤਾ ਕੋਲ ਉੱਤਰ ਪ੍ਰਦੇਸ਼ ਸ਼ਿਫਟ ਹੋ ਗਏ ਸਨ। ਉਨ੍ਹਾਂ ਆਪਣੀ ਗ੍ਰੈਜੂਏਸ਼ਨ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਫਿਰ ਪੰਜਾਬ ਆ ਗਏ ਤੇ ਕੋਟਕਪੂਰਾ ਤੋਂ ਹਾਇਰ ਸੈਕੰਡਰੀ ਪੂਰੀ ਕਰ ਕੇ ਗ੍ਰੈਜੂਏਸ਼ਨ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਕੀਤੀ। ਉਨ੍ਹਾਂ ਦਿੱਲੀ ਦੇ ਥੀਏਟਰ ‘ਚ ਵੀ ਕੰਮ ਕੀਤਾ ਤੇ 1979 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੰਡੀਅਨ ਥਿਏਟਰ ਡਿਪਾਰਟਮੈਂਟ ਜੁਆਇੰਨ ਕੀਤਾ। ਇੱਥੇ ਹੀ 1980 ਵਿਚ ਉਨ੍ਹਾਂ ਐਕਟਿੰਗ ‘ਚ ਆਪਣਾ ਪੋਸਟ ਗ੍ਰੈਜੂਏਟ ਡਿਪਲੋਮਾ ਪੂਰਾ ਕੀਤਾ।