Punjab’s first Working Women Hostel: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਵਲੋਂ ਕੰਮਕਾਜੀ ਔਰਤਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਰਿਹਾਇਸ਼ ਮੁਹੱਈਆ ਕਰਨ ਦੇ ਮਕਸਦ ਨਾਲ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਵਿਚ ਆਪਣੀ ਤਰ੍ਹਾਂ ਦੇ ਪਹਿਲੇ ਹੋਸਟਲ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਹੋਸਟਲ ਉੱਪਰ 2.17 ਕਰੋੜ ਰੁਪੈ ਦੀ ਰਾਸ਼ੀ ਖਰਚ ਹੋਵੇਗੀ ਜਿਸ ਵਿਚ 100 ਮਹਿਲਾਵਾਂ ਦੀ ਰਿਹਾਇਸ਼ ਦੀ ਸਹੂਲਤ ਦੇ ਨਾਲ-ਨਾਲ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਲਈ ਕਰੈਚ ਦਾ ਵੀ ਪ੍ਰਬੰਧ ਹੋਵੇਗਾ। ਆਸ਼ਰਮ ਵਿਚ ਨੀਂਹ ਪੱਥਰ ਰੱਖਣ ਮੌਕੇ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਔਰਤਾਂ ਦੇ ਸ਼ਸ਼ਕਤੀਕਰਨ ਲਈ ਅਨੇਕ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਵਰਕਿੰਗ ਵੂਮੈਨ ਹੋਸਟਲ ਸਕੀਮ ਇਕ ਹੈ।
ਇਸ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਵਰਕਿੰਗ ਵੂਮੈਨ ਹੋਸਟਲ ਸਥਾਪਿਤ ਕਰਨ ਦੀ ਯੋਜਨਾਬੰਦੀ ਹੈ, ਜਿਸਦੀ ਸ਼ੁਰੂਆਤ ਅੱਜ ਜਲੰਧਰ ਤੋਂ ਕੀਤੀ ਗਈ ਹੈ। ਇੰਨਾਂ ਹੋਸਟਲਾਂ ਵਿਚ ਜਿੱਥੇ 100 ਕੰਮਕਾਜੀ ਮਹਿਲਾਵਾਂ ਦੇ ਠਹਿਰਣ ਦਾ ਪ੍ਰਬੰਧ ਹੋਵੇਗਾ ਉੱਥੇ ਹੀ ਇੰਨਾਂ ਹੋਸਟਲਾਂ ਵਿਚ ਕ੍ਰੈਚ ਵੀ ਖੋਲ੍ਹੇ ਜਾਣਗੇ ਤਾਂ ਜੋ ਔਰਤਾਂ ਆਪਣੇ ਛੋਟੇ ਬੱਚਿਆਂ ਨੂੰ ਕਰੈਚ ਵਿਚ ਛੱਡ ਬੇਫਿਕਰ ਹੋ ਆਪਣੀ ਨੌਕਰੀ ’ਤੇ ਜਾ ਕੇ ਸੇਵਾ ਨਿਭਾ ਸਕਣ।
ਇਸ ਯੋਜਨਾ ਨੂੰ ਔਰਤਾਂ ਦੇ ਸ਼ਸ਼ਕਤੀਕਰਨ ਵੱਲ ਵੱਡਾ ਕਦਮ ਕਰਾਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਲੋੜਵੰਦ ਔਰਤਾਂ ਨੂੰ ਸਵੈ ਮਾਣ ਦੀ ਭਾਵਨਾ ਪ੍ਰਦਾਨ ਕਰਨ ਦੇ ਨਾਲ-ਨਾਲ ਸੁਰੱਖਿਅਤ ਮਾਹੌਲ ਦੇਣ ਵਿਚ ਵੀ ਸਹਾਈ ਹੋਵੇਗੀ।
ਹੋਸਟਲ ਦੀ ਸਹੂਲਤ ਕੰਮਕਾਜੀ ਔਰਤਾਂ, ਜੋ ਇਕੱਲੀਆਂ, ਵਿਧਵਾ, ਤਲਾਕਸ਼ੁਦਾ, ਵਿਆਹੀਆਂ ਆਦਿ ਲੈ ਸਕਦੀਆਂ ਹਨ ਬਸ਼ਰਤੇ ਕਿ ਉਨ੍ਹਾਂ ਦਾ ਪਤੀ ਜਾਂ ਨਜ਼ਦੀਕੀ ਪਰਿਵਾਰ ਉਸੇ ਸ਼ਹਿਰ/ਖੇਤਰ ਵਿੱਚ ਨਾ ਰਹਿੰਦਾ ਹੋਵੇ। ਇਸ ਤੋਂ ਇਲਾਵਾ ਸਮਾਜ ਦੇ ਪਛੜੇ ਵਰਗਾਂ ਦੀਆਂ ਔਰਤਾਂ ਅਤੇ ਅਪਾਹਜਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।
ਡਾ. ਬਲਜੀਤ ਕੌਰ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਇਸ ਕਰਕੇ ਘਰ ਤੋਂ ਬਾਹਰ ਦੂਜੇ ਸ਼ਹਿਰਾਂ ਵਿਚ ਨੌਕਰੀ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਰਿਹਾਇਸ਼ ਨਹੀਂ ਮਿਲਦੀ ਜਿਸ ਨਾਲ ਔਰਤਾਂ ਦੇ ਆਰਥਿਕ ਤੌਰ ’ਤੇ ਮਜ਼ਬੂਤ ਹੋਣ ਵਿਚ ਅੜਿੱਕਾ ਬਣਦਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕੰਮਕਾਜੀ ਔਰਤਾਂ ਨੂੰ ਅਜਿਹੇ ਹੋਸਟਲਾਂ ਦੀ ਸਹੂਲਤ ਮਿਲੇਗੀ ਉਹ ਘਰ ਤੋਂ ਬਾਹਰ ਵੱਡੇ ਸ਼ਹਿਰਾਂ ਵਿਚ ਕੰਮ ਕਰਨ ਜਾਂ ਨੌਕਰੀ ਕਰਨ ਤੋਂ ਉਨ੍ਹਾਂ ਨੂੰ ਝਿਜਕ ਨਹੀਂ ਹੋਵੇਗੀ ਜਿਸ ਨਾਲ ਔਰਤਾਂ ਦੇ ਵਿਕਾਸ ਦੇ ਨਾਲ-ਨਾਲ ਪੰਜਾਬ ਦਾ ਵੀ ਵਿਕਾਸ ਹੋਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ, ਵਿਭਾਗ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਉੱਚ ਅਧਿਕਾਰੀ ਅਮਰਜੀਤ ਸਿੰਘ ਭੁੱਲਰ , ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਤੇ ਹੋਰ ਹਾਜ਼ਰ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h









