Pink Bollworm attack on Cotton: ਪੰਜਾਬ ‘ਚ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲਿਆਂ ਤੋਂ ਬਚਾਉਣ ਲਈ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀਏਯੂ ਨੇ ਮਾਹਿਰਾਂ ਦੀ ਟੀਮ ਨਾਲ ਨਰਮਾ ਪੱਟੀ ਦਾ ਦੌਰਾ ਕੀਤਾ | ਇਸ ਟੀਮ ਵਿੱਚ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੋਜ ਸਟੇਸ਼ਨ ਤੋਂ ਡਾ. ਪਰਮਜੀਤ ਸਿੰਘ, ਡਾ. ਵਿਜੈ ਕੁਮਾਰ, ਡਾ. ਰਾਜਿੰਦਰ ਕੌਰ, ਡਾ. ਕੇ ਐੱਸ ਸੇਖੋਂ, ਡਾ. ਅਮਰਜੀਤ ਸਿੰਘ ਅਤੇ ਡਾ. ਜਸਪਿੰਦਰ ਕੌਰ ਸ਼ਾਮਿਲ ਸੀ|
ਪੀਏਯੂ ਮਾਹਿਰਾਂ ਦੀ ਟੀਮ ਨੇ ਮਾਨਸਾ ਜ਼ਿਲ੍ਹੇ ਦੇ ਖਿਲਾਲੀ ਛਈਆਂਵਾਲੀ, ਸਾਹਨੇਵਾਲੀ, ਬੁਰਜ ਭਲਾਈਕੇ, ਝੇੜੀਆਂ ਵਾਲੀ, ਟਾਂਡੀਆਂ ਅਤੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋਂ, ਬਹਿਮਣ ਕੌਰ ਸਿੰਘ, ਮਲਕਾਣਾ, ਸਿੰਗੋ, ਕੌਰ ਸਿੰਘ ਵਾਲਾ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ| ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਨਰਮੇ ਦੇ ਖੇਤਾਂ ਤੇ ਇਹ ਸੁੰਡੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸਨੂੰ ਨਜਿੱਠਣ ਲਈ ਲਗਾਤਾਰ ਸਰਵੇਖਣ ਅਤੇ ਤੁਰੰਤ ਕਾਰਵਾਈ ਕਰਨਾ ਅਤਿ ਜ਼ਰੂਰੀ ਹੈ|
ਉਨ੍ਹਾਂ ਦੱਸਿਆ ਕਿ ਸਰਵੇਖਣ ਦੌਰਾਨ ਇਹ ਪਤਾ ਚਲਿਆ ਹੈ ਕਿ ਅਗੇਤੀ ਬੀਜੀ ਫ਼ਸਲ, ਜੋ ਕਿ 60 ਤੋਂ 80 ਦਿਨਾਂ ਦੀ ਹੈ ‘ਤੇ ਇਹ ਸੁੰਡੀ ਜ਼ਿਆਦਾ ਹਮਲਾ ਕਰਦੀ ਹੈ ਅਤੇ 15 ਪ੍ਰਤੀਸ਼ਤ ਫ਼ਸਲ ਨੂੰ ਇਸਦੀ ਲਾਗ ਲੱਗ ਜਾਂਦੀ ਹੈ। ਜਦੋਂ ਕਿ ਸਧਾਰਨ ਹਾਲਤਾਂ ਵਿੱਚ ਬੀਜਿਆ ਬਹੁਤਾ ਖੇਤਰ ਅਜਿਹੇ ਕੀੜਿਆਂ-ਮਕੌੜਿਆਂ ਦੇ ਹਮਲਿਆਂ ਤੋਂ ਤਕਰੀਬਨ ਬਚਿਆ ਰਹਿੰਦਾ ਹੈ| ਪਰ ਕਿਤੇ ਕਿਤਾਈਂ ਚਿੱਟੀ ਮੱਖੀ, ਤੇਲਾ, ਜੂੰ ਅਤੇ ਮਿੱਲੀਬੱਗ ਦੀ ਸਮੱਸਿਆ ਆ ਜਾਂਦੀ ਹੈ।
ਡਾ. ਅਜਮੇਰ ਸਿੰਘ ਢੱਟ ਨੇ ਨਰਮੇ ਦੀ ਫ਼ਸਲ ਤੇ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਦਾ ਹਦਾਇਤਾਂ ਮੁਤਾਬਕ ਤੁਰੰਤ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਸੰਬੰਧੀ ਸਾਵਧਾਨ ਰਹਿਣ ਲਈ ਕਿਹਾ| ਡਾ. ਵਿਜੇ ਕੁਮਾਰ ਨੇ ਇਸ ਸੁੰਡੀ ਦੀ ਰੋਕਥਾਮ ਲਈ ਨਰਮੇ ਦੇ ਫੁੱਲਾਂ ਅਤੇ ਬਾਲਜ਼ ਉੱਪਰ ਨਜ਼ਰ ਰੱਖਣ ਦਾ ਸੁਝਾਅ ਦਿੱਤਾ| ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਵੱਖੋ-ਵੱਖ ਥਾਵਾਂ ਤੋਂ ਘੱਟੋ-ਘੱਟ 100 ਫੁੱਲਾਂ ਖਾਸ ਤੌਰ ਤੇ ਗੁਲਾਬੀ ਫੁੱਲਾਂ ਦਾ ਸਰਵੇਖਣ ਕਰਨ ਲਈ ਕਿਹਾ।
ਗੁਲਾਬੀ ਸੁੰਡੀ ਦੀ ਮੌਜੂਦਗੀ ਮਿਲਣ ਤੇ ਉਨ੍ਹਾਂ ਨੇ 100 ਗ੍ਰਾਮ ਇਮੈਮਕਟਿਨ ਬੈਂਜ਼ੋਏਟ 5 ਐੱਸ ਜੀ (ਪ੍ਰੋਕਲੇਮ), 500 ਮਿ.ਲੀ. ਪ੍ਰੋਫੈਨੋਫੋਸ, 50 ਈਸੀ (ਕਿਊਰਾਕਰੋਨ), 200 ਮਿ.ਲੀ. ਇੰਡੋਕਸਾਕਾਰਬ, 145 ਐੱਸ ਸੀ (ਐਵਾਊਂਟ) ਜਾਂ 250 ਗ੍ਰਾਮ ਥਿਓਡੀਕਾਰਬ 75 ਡਬਲਯੂ ਪੀ (ਲਾਰਵਿਨ) ਪ੍ਰਤੀ ਏਕੜ ਦੇ ਛਿੜਕਾਅ ਨਾਲ ਇਸ ਸੁੰਡੀ ਦੀ ਲਾਗ ਨੂੰ ਖਤਮ ਕਰ ਲਈ ਕਿਹਾ।
ਗੁਲਾਬੀ ਸੁੰਡੀ ਦੇ ਹਮਲਿਆਂ ਤੋਂ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਜਿੱਥੇ ਆਪਣੇ ਖੋਜ ਕਾਰਜਾਂ ਰਾਹੀਂ ਠੋਸ ਕਦਮ ਚੁੱਕ ਰਹੀ ਹੈ ਉਥੇ ਨਰਮਾ ਕਾਸ਼ਤਕਾਰਾਂ ਨੂੰ ਵੀ ਚੁਕੰਨੇ ਰਹਿਣ ਅਤੇ ਰੋਕਥਾਮ ਲਈ ਸਿਫ਼ਾਰਸ਼ ਕੀਤੇ ਢੰਗ ਤਰੀਕੇ ਅਪਨਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਚਿੱਟੇ ਸੋਨੇ ਵਰਗੀ ਵੱਡਮੁੱਲੀ ਫ਼ਸਲ ਨੂੰ ਬਚਾਇਆ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h