Chief Secretary Anurag Verma Meeting : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਪਏ ਲਗਾਤਾਰ ਤੇ ਭਾਰੀ ਮੀਂਹ ਕਾਰਨ ਸੂਬੇ ਵਿੱਚ ਪੈਦਾ ਹੋਈ ਸਥਿਤੀ ’ਤੇ ਨਿਰੰਤਰ ਨਜ਼ਰਸਾਨੀ ਰੱਖਣ ਅਤੇ ਰਾਹਤ ਕਾਰਜਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਹੇਠਲੇ ਪੱਧਰ ’ਤੇ ਚਲਾਉਣ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮੰਗਲਵਾਲ ਨੂੰ ਲਗਾਤਾਰ ਦੂਜੇ ਦਿਨ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਅਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀਜ਼ ਤੋਂ ਮੌਜੂਦਾ ਸਥਿਤੀ ਦੀ ਰਿਪੋਰਟ ਲਈ ਗਈ। ਭਗਵੰਤ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਹਰ ਤਰਾਂ ਮੱਦਦ ਮੁਹੱਈਆ ਕਰਨ ਦੇ ਦਿੱਤੇ ਨਿਰਦੇਸ਼ਾਂ ’ਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਵੀ ਮੀਟਿੰਗ ਵਿੱਚ ਜਾਇਜ਼ਾ ਲਿਆ। ਫੀਲਡ ਵਿੱਚ ਤਾਇਨਾਤ ਕੈਬਨਿਟ ਮੰਤਰੀ, ਵਿਧਾਇਕ ਤੇ ਜਨਤਕ ਨੁਮਾਇੰਦੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਰਾਹਤ ਦੇਣ ਲਈ ਜੁਟੇ ਹੋਏ ਹਨ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਏ ਵੇਣੂ ਪ੍ਰਸਾਦ, ਡੀ.ਜੀ.ਪੀ. ਗੌਰਵ ਯਾਦਵ ਅਤੇ ਸੈਨਾ ਅਤੇ ਐਨ.ਡੀ.ਆਰ.ਐਫ. ਦੇ ਨੁਮਾਇੰਦੇ ਵੀ ਹਾਜ਼ਰ ਰਹੇ।
ਇਸ ਦੌਰਾਨ ਮੁੱਖ ਸਕੱਤਰ ਨੇ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਵੀ ਨੀਵੇਂ ਥਾਂ ਜਾਂ ਪਾਣੀ ਭਰਨ ਕਰਕੇ ਲੋਕ ਫਸੇ ਹੋਏ ਹਨ, ਉਨ੍ਹਾਂ ਨੂੰ ਸੁਰੱਖਿਅਤ ਕੱਢਣ ਅਤੇ ਉਨਾਂ ਲਈ ਖਾਣ-ਪੀਣ ਅਤੇ ਰਹਿਣ ਦੇ ਬਦਲਵੇਂ ਪ੍ਰਬੰਧਾਂ ਨੂੰ ਜੰਗੀ ਪੱਧਰ ’ਤੇ ਕੀਤਾ ਜਾਵੇ। ਲੋਕਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਉਹ ਸਹੂਲਤ ਦਾ ਫਾਇਦਾ ਉਠਾ ਸਕਣ। ਲੋਕਾਂ ਦੀ ਜਾਨ ਦੀ ਰੱਖਿਆ ਸਭ ਤੋਂ ਪ੍ਰਮੁੱਖ ਤਰਜੀਹ ਹੈ।
ਅਨੁਰਾਗ ਵਰਮਾ ਨੇ ਅੱਗੇ ਕਿਹਾ ਕਿ ਅਸਰੁੱਖਿਅਤ ਇਮਾਰਤਾਂ ਦੀ ਤੁਰੰਤ ਸ਼ਨਾਖਤ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਰ ਡੀ.ਸੀਜ਼ ਤੋਂ ਲੋੜੀਂਦੀ ਮੱਦਦ ਦੀ ਜਾਣਕਾਰੀ ਵੀ ਹਾਸਲ ਕੀਤੀ ਅਤੇ ਆਖਿਆ ਕਿ ਜ਼ਿਲ੍ਹਿਆਂ ਨੂੰ ਜ਼ਰੂਰਤ ਮੁਤਾਬਕ ਐਨ.ਡੀ.ਆਰ.ਐਫ. ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਰੂਪਨਗਰ ਜ਼ਿਲੇ ਵਿੱਚ ਪੰਜ, ਐਸ.ਏ.ਐਸ.ਨਗਰ ਵਿੱਚ ਤਿੰਨ, ਪਟਿਆਲਾ ਵਿੱਚ ਦੋ ਅਤੇ ਜਲੰਧਰ, ਫਤਹਿਗੜ੍ਹ ਸਾਹਿਬ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੱਕ-ਇੱਕ ਟੀਮ ਤਾਇਨਾਤ ਹੈ। ਕਪੂਰਥਲਾ, ਤਰਨ ਤਾਰਨ ਜ਼ਿਲ੍ਹਿਆਂ ਵੱਲੋਂ ਐਨ.ਡੀ.ਆਰ.ਐਫ. ਦੀ ਇੱਕ-ਇੱਕ ਟੀਮ ਤਾਇਨਾਤ ਕਰਨ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਪਾਣੀ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਕਿਸ਼ਤੀਆਂ, ਲਾਈਫ ਜੈਕੇਟਾਂ, ਪਾਣੀ ਕੱਢਣ ਵਾਲੀਆਂ ਮਸ਼ੀਨਾਂ ਅਤੇ ਖਾਣ ਵਾਲੇ ਪੈਕੇਟਾਂ ਦੀ ਲੋੜ ਪੁੱਛੀ ਗਈ।
ਨਾਲ ਹੀ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਕਰਨ ਲਈ ਕਿਹਾ ਅਤੇ ਦਵਾਈਆਂ ਦੀ ਕੋਈ ਘਾਟ ਨਾ ਰਹਿਣ ਦਿੱਤੀ ਜਾਵੇ। ਜਲ ਸਪਲਾਈ ਵਿਭਾਗ ਨੂੰ ਲੋਕਾਂ ਲਈ ਢੁੱਕਵਾਂ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਆਖਿਆ। ਪਸ਼ੂ ਪਾਲਣ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਟਾਕਰੇ ਲਈ ਫੀਲਡ ਸਟਾਫ ਨੂੰ ਸਰਗਰਮ ਕੀਤਾ ਜਾਵੇ। ਸਥਾਨਕ ਸਰਕਾਰਾਂ ਵਿਭਾਗ ਨੂੰ ਫੌਗਿੰਗ ਤੇ ਸਪਰੇਅ ਦੇ ਪ੍ਰਬੰਧ ਕਰਨ ਲਈ ਆਖਿਆ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਦੱਸਿਆ ਕਿ ਸਮੂਹ ਸਟਾਫ ਪਿੰਡਾਂ ਵਿੱਚ ਨਿਰੰਤਰ ਤਾਇਨਾਤ ਰਹਿ ਕੇ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਬਿਜਲੀ ਵਿਭਾਗ ਵੱਲੋਂ ਦੱਸਿਆ ਗਿਆ ਕਿ ਜਿੱਥੇ ਵੀ ਕਿਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਉਸ ਨੂੰ ਤੁਰੰਤ ਠੀਕ ਕਰਕੇ ਬਹਾਲ ਕੀਤੀ ਜਾਵੇ।
ਇਸ ਤੋਂ ਪਹਿਲਾਂ ਜਲ ਸਰੋਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਭਾਖੜਾ ਡੈਮ ਵਿੱਚ ਇਸ ਵਾਲੇ ਪਾਣੀ ਦਾ ਪੱਧਰ 1624.14 ਫੁੱਟ ਹੈ ਜਦੋਂ ਕਿ ਸਮਰੱਥਾ 1680 ਫੁੱਟ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1360.04 ਫੁੱਟ ਹੈ ਜਦੋਂ ਕਿ ਸਮਰੱਥਾ 1390 ਫੁੱਟ ਹੈ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1712.64 ਫੁੱਟ ਹੈ ਜਦੋਂ ਕਿ ਸਮਰੱਥਾ 1731.99 ਫੁੱਟ ਹੈ। ਸਤਲੁਜ, ਬਿਆਸ, ਰਾਵੀ ਤੇ ਘੱਗਰ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਦੀ ਮੌਜੂਦਾ ਸਥਿਤੀ ਤੋਂ ਜਾਣੂੰ ਕਰਵਾਇਆ ਗਿਆ। ਇਹ ਵੀ ਦੱਸਿਆ ਗਿਆ ਕਿ ਸਤਲੁਜ ਦਰਿਆ ’ਤੇ ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ’ਤੇ ਪਾਏ ਪਾੜ ਨੂੰ ਪੂਰਿਆ ਗਿਆ ਹੈ।
Chaired a meeting of senior officers,DCs/SSPs to keep a constant watch on situation caused due to heavy rains Reviewed the relief work being done by Admn on instructions given by CM @BhagwantMann to provide all kinds of help to the residents of affected places@PunjabGovtIndia pic.twitter.com/NatdpMOwOs
— CS Punjab (@CsPunjab) July 11, 2023
ਮੀਟਿੰਗ ਵਿੱਚ ਮੌਸਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਆਉਣੇ ਵਾਲੇ 48 ਤੱਕ ਪੰਜਾਬ ਵਿੱਚ ਖਿੰਡਵਿਆਂ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਪਵੇਗੀ ਜਦੋਂ ਕਿ 48 ਤੋਂ 72 ਘੰਟਿਆਂ ਤੱਕ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਵੇਗੀ। ਹਿਮਾਚਲ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਆਉਦੇ 24 ਘੰਟਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਪੈਣ ਦੀ ਸੰਭਾਵਨਾ ਹੈ।
ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਨਿਵਾਣ ਵਾਲੇ ਜ਼ਿਲ੍ਹਿਆਂ ਵਿੱਚ ਦਰਿਆਵਾਂ ਤੇ ਨਹਿਰਾਂ ਵਿੱਚ ਵੱਧ ਪਾਣੀ ਦੀ ਸੰਭਾਵਨਾ ਨੂੰ ਦੇਖਦਿਆਂ ਅਗੇਤੇ ਪ੍ਰਬੰਧ ਕੀਤੇ ਜਾਣ ਕਿਉਕਿ ਆਉਦੇ ਕੁਝ ਸਮਿਆਂ ਵਿੱਚ ਪਾਣੀ ਹੋਰ ਵੱਧ ਜਾਵੇਗਾ ਅਤੇ ਨੀਵੇਂ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਦਿਆਂ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਈ ਜਾਵੇ।
ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਮਾਲ ਕੇ.ਏ.ਪੀ.ਸਿਨਹਾ, ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਕੇ.ਸਿਵਾ ਪ੍ਰਸ਼ਾਦ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵੀ.ਪੀ.ਸਿੰਘ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ, ਸਕੱਤਰ ਸਥਾਨਕ ਸਰਕਾਰਾਂ ਅਜੋਏ ਸ਼ਰਮਾ, ਵਿਸ਼ੇਸ਼ ਡੀ.ਜੀ.ਪੀ. (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ, ਪੱਛਮੀ ਕਮਾਂਡ ਦੇ ਨੁਮਾਇੰਦੇ ਸਲਾਹਕਾਰ ਸਿਵਲ ਸੈਨਾ ਮਾਮਲੇ ਕਰਨਲ ਜੇ.ਐਸ.ਸੰਧੂ ਹਾਜ਼ਰ, ਐਨ.ਡੀ.ਆਰ.ਐਫ. ਦੇ ਕਮਾਂਡੈਟ ਸੰਤੋਸ਼ ਕੁਮਾਰ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਗੁਰਪ੍ਰੀਤ ਸਿੰਘ ਖਹਿਰਾ, ਡਾਇਰੈਕਟਰ ਪਸ਼ੂ ਪਾਲਣ ਡਾ. ਰਾਮ ਪਾਲ ਮਿੱਤਲ, ਹਾਜ਼ਰ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h