ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਅੱਜ ਇੱਥੇ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੀੜ੍ਹਤਾਂ ਦੀ ਮੱਦਦ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਮੀਖਿਆ ਮੀਟਿੰਗ ਕਰਨ ਪੁੱਜੇ, ਮਾਲ, ਮੁੜ ਵਸੇਬਾ ਅਤੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਨੇ ਹੜ੍ਹਾਂ ਦੌਰਾਨ ਜਿੰਨਾ ਨੁਕਸਾਨ ਝੱਲਿਆ ਹੈ, ਉਸ ਲਈ ਹਰ ਇੱਕ ਪ੍ਰਭਾਵਿਤ ਵਿਅਕਤੀ ਤੱਕ ਮੁਆਵਜ਼ਾ/ਰਾਹਤ ਪੁੱਜਣੀ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਕਲ੍ਹ ਸ਼ਾਮ ਤੱਕ 19 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ 100 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਤੁਰੰਤ ਪ੍ਰਭਾਵ ਨਾਲ ਬਚਾਅ ਅਤੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਦੇ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਜਿਹੀ ਸਥਿਤੀ 1993 ਤੋਂ ਬਾਅਦ ਪਹਿਲੀ ਵਾਰ ਬਣੀ ਹੈ। ਪੰਜਾਬ ਨੇ ਮਾਲ – ਪਸ਼ੂ ਅਤੇ ਜ਼ਮੀਨਾਂ ਦਾ ਵੱਡਾ ਨੁਕਸਾਨ ਝੱਲਿਆ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਥਾਨਕ ਪੱਧਰ ਤੇ ਦਿੱਤੇ ਆਦੇਸ਼ਾਂ ਮੁਤਾਬਕ ਸੁਰੱਖਿਅਤ ਜ਼ੋਨਾਂ ਚ ਲਿਜਾਇਆ ਗਿਆ। ਉਨ੍ਹਾਂ ਕਿਹਾ ਫਿਰ ਵੀ ਵੱਖ ਵੱਖ ਕਾਰਨਾਂ ਕਰਕੇ ਗਈਆਂ 15 ਜਾਨਾਂ ਦਾ ਦੁੱਖ ਰਹੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਐਨ ਡੀ ਆਰ ਐਫ਼ ਤੇ ਸਥਾਨਕ ਲੋਕਾਂ ਵੱਲੋਂ ਇਨ੍ਹਾਂ ਹੜ੍ਹਾਂ ਦੌਰਾਨ ਵੱਡੀ ਪੱਧਰ ਤੇ ਕੀਤੇ ਗਏ ਬਚਾਅ ਕਾਰਜਾਂ ਤੋਂ ਬਾਅਦ ਹੌਲੀ ਹੌਲੀ ਪਾਣੀ ਦਾ ਪੱਧਰ ਘਟਣ ਬਾਅਦ ਹਾਲਾਤ ਆਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਅਤੇ ਰੋਪੜ ਤੋਂ ਸ਼ੁਰੂ ਹੋਏ ਹੜ੍ਹ ਪਟਿਆਲਾ, ਸੰਗਰੂਰ, ਜਲੰਧਰ, ਹਰੀਕੇ ਪੱਤਣ ਇਲਾਕੇ ਸਮੇਤ 14 ਜ਼ਿਲ੍ਹਿਆਂ ਨੂੰ ਲਪੇਟ ਚ ਲੈ ਚੁੱਕੇ ਹਨ ਪਰ ਹੁਣ ਪਟਿਆਲਾ, ਸੰਗਰੂਰ, ਜਲੰਧਰ, ਹਰੀਕੇ ਪੱਤਣ ਨੂੰ ਛੱਡ ਕੇ ਬਾਕੀ ਥਾਵਾਂ ਤੇ ਹਾਲਾਤ ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਹੜ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਸਰਕਾਰ ਵੱਲੋਂ ਇਸ ਸਥਿਤੀ ਨੂੰ ਭਵਿੱਖ ਵਿੱਚ ਨਾ ਬਣਨ ਦੇਣ ਲਈ, ਹੁਣ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਭਵਿੱਖੀ ਰਣਨੀਤੀ ਬਣਾਈ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਮੋਹਾਲੀ ਵਿਚ ਘੱਗਰ ਚ ਆਏ ਕੌਸ਼ਲਿਆ ਡੈਮ ਦੇ ਪਾਣੀ ਅਤੇ ਸੁਖਨਾ ਝੀਲ ਤੋਂ ਸੁਖਨਾ ਚੋਅ ਰਾਹੀਂ ਘੱਗਰ ਚ ਮਿਲੇ ਪਾਣੀ ਨੇ ਡੇਰਾਬੱਸੀ ਤੇ ਜ਼ੀਰਕਪੁਰ ਇਲਾਕਿਆਂ ਚ ਸਥਿਤੀ ਖਰਾਬ ਕੀਤੀ ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੀਤੀ ਮੇਹਨਤ ਸਦਕਾ ਹੁਣ ਹਾਲਾਤ ਆਮ ਵਰਗੇ ਬਣ ਰਹੇ ਹਨ।
ਇਸ ਤੋਂ ਪਹਿਲਾਂ ਮੋਹਾਲੀ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮਾਲ ਮੰਤਰੀ ਜੋ ਕਿ ਜ਼ਿਲ੍ਹੇ ਦੇ ਪ੍ਰਭਾਰੀ ਮੰਤਰੀ ਵੀ ਹਨ, ਨੂੰ ਜ਼ਿਲ੍ਹੇ ਵਿੱਚ ਹੜ੍ਹਾਂ ਦੌਰਾਨ ਹੋਏ ਨੁਕਸਾਨ, ਬਚਾਅ ਤੇ ਰਾਹਤ ਕਾਰਜਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਰੂਰੀ ਸੇਵਾਵਾਂ ਜਿਵੇਂ ਕਿ ਬਿਜਲੀ, ਪਾਣੀ ਦੀ ਸਪਲਾਈ ਅਤੇ ਨੁਕਸਾਨੀਆਂ ਸੜਕਾਂ ਨੂੰ ਮੁਰੰਮਤ ਕਰਕੇ ਆਮ ਹਾਲਤਾਂ ਵਿੱਚ ਲਿਆਉਣ ਲਈ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਬਾਰਸ਼ ਕਾਰਨ ਰੁਕੀਆਂ 32 ਜਲ ਸਪਲਾਈ ਸਕੀਮਾਂ ਵਿਚੋਂ ਕੇਵਲ ਇੱਕ ਜਲ ਸਪਲਾਈ ਸਕੀਮ ਹੀ ਕਾਰਜਸ਼ੀਲ ਹੋਣ ਤੋਂ ਬਾਕੀ ਹੈ, ਜੋ ਕਿ ਅੱਜ ਸ਼ਾਮ ਤੱਕ ਚਲਾ ਦਿੱਤੀ ਜਾਵੇਗੀ।
ਮੋਹਾਲੀ ਦੇ ਐਮ ਐਲ ਏ ਕੁਲਵੰਤ ਸਿੰਘ ਨੇ ਇਸ ਮੌਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਹੜ੍ਹਾਂ ਦੇ ਟਾਕਰੇ ਲਈ ਕੀਤੇ ਯਤਨਾਂ ਤੇ ਬਚਾਅ ਤੇ ਰਾਹਤ ਕਾਰਜਾਂ ਤੇ ਤਸੱਲੀ ਪ੍ਰਗਟਾਈ ਪਰ ਉਨ੍ਹਾਂ ਨਾਲ ਹੀ ਖਰੜ ਅਤੇ ਜ਼ੀਰਕਪੁਰ ਚ ਰਿਹਾਇਸ਼ੀ ਟਾਵਰਾਂ ਚ ਪਾਣੀ ਆਉਣ ਨੂੰ ਰੋਕਣ ਲਈ ਭਵਿੱਖੀ ਯੋਜਨਾ ਉਲੀਕਣ ਤੇ ਵੀ ਜ਼ੋਰ ਦਿੱਤਾ।
ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਗਮਾਡਾ, ਨਗਰ ਨਿਗਮ ਅਤੇ ਅਜਿਹੇ ਹੋਰ ਜ਼ਰੂਰੀ ਸੇਵਾਵਾਂ ਵਾਲੇ ਮਹਿਕਮਿਆਂ ਦੇ ਅਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਇੱਕ ਨੋਡਲ ਅਧਿਕਾਰੀ ਲਾਇਆ ਜਾਵੇ ਤਾਂ ਕਿ ਵੱਖ ਵੱਖ ਮਹਿਕਮਿਆਂ ਕਾਰਨ ਲੋਕਾਂ ਨੂੰ ਦਿੱਕਤ ਨਾ ਆਵੇ, ਜਿਸ ਤੇ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਇਸ ਮੌਕੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਨਿਸ਼ਾਨਦੇਹੀ ਕਰਵਾਉਣ ਲਈ ਕਿਹਾ।
ਮਾਲ, ਮੁੜ ਵਸੇਬਾ ਤੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਨੇ ਇਸ ਮੌਕੇ ਆਖਿਆ ਕਿ ਜ਼ਿਲ੍ਹੇ ਵਿੱਚ ਜਿਨ੍ਹਾਂ ਥਾਵਾਂ ਤੇ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁੜ ਸੁਰਜੀਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਅਜਿਹੇ ਮੁੱਖ ਮੰਤਰੀ ਹਨ, ਜਿਹੜੇ ਖੁਦ ਹੜ੍ਹਾਂ ਦੇ ਪਾਣੀ ਚ ਉਤਰ ਕੇ ਬਚਾਅ ਕਾਰਜਾਂ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਾਇਜ਼ਾ ਲੈ ਰਹੇ ਹਨ। ਇਸ ਲਈ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਹੜ੍ਹ ਪ੍ਰਭਾਵਿਤ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਖ਼ਦ ਬਣਾਉਣ ਲਈ, ਉਨ੍ਹਾਂ ਦੇ ਹੜ੍ਹਾਂ ਦੀ ਭੇਟ ਚੜ੍ਹੇ ਮਾਲ – ਪਸ਼ੂ ਦਾ ਉਚਿਤ ਮੁਆਵਜ਼ਾ ਦਿਵਾਉਣ ਲਈ ਇਮਾਨਦਾਰੀ ਨਾਲ ਰਿਪੋਰਟ ਬਣਾਈਏ। ਉਨ੍ਹਾਂ ਕਿਹਾ ਕਿ ਜਿਹੜੇ ਪਸ਼ੂ ਹੜ੍ਹਾਂ ਕਾਰਨ ਮਰੇ ਹਨ, ਉਨ੍ਹਾਂ ਦਾ ਉਚਿਤ ਢੰਗ ਨਾਲ ਨਿਪਟਾਰਾ ਕੀਤਾ ਜਾਵੇ ਤਾਂ ਜੋ ਬਿਮਾਰੀ ਦਾ ਕਾਰਨ ਨਾ ਬਣਨ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਸੇਵਾਵਾਂ ਯਕੀਨੀ ਬਣਾਈਆਂ ਜਾਣ।
ਮੀਟਿੰਗ ਵਿੱਚ ਏ ਡੀ ਸੀਜ਼ ਪਰਮਦੀਪ ਸਿੰਘ, ਅਮਿਤ ਬੈਂਬੀ, ਦਮਨ ਜੀਤ ਸਿੰਘ ਮਾਨ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਮੌਜੂਦ ਸਨ।