ਟੀ-20 ਵਿਸ਼ਵ ਕੱਪ ਨੂੰ ਨਵਾਂ ਚੈਂਪੀਅਨ ਮਿਲ ਗਿਆ ਹੈ। ਆਸਟਰੇਲੀਆ ਨੇ ਐਤਵਾਰ ਨੂੰ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ। 5 ਵਾਰ ਦੇ ਵਨਡੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਆਸਟਰੇਲੀਆ ਦੀ ਟੀਮ ਨੇ ਨਿਊਜ਼ੀਲੈਂਡ ਵੱਲੋਂ ਦਿੱਤੇ 173 ਦੌੜਾਂ ਦੇ ਟੀਚੇ ਨੂੰ 18.5 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਮਿਸ਼ੇਲ ਮਾਰਸ਼ 77 ਅਤੇ ਗਲੇਨ ਮੈਕਸਵੈੱਲ 28 ਦੌੜਾਂ ਬਣਾ ਕੇ ਅਜੇਤੂ ਰਹੇ।
ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਐਰੋਨ ਫਿੰਚ ਸਿਰਫ 5 ਦੌੜਾਂ ਬਣਾ ਕੇ ਟ੍ਰੇਂਟ ਬੋਲਟ ਨੇ ਆਊਟ ਹੋ ਗਏ। ਪਹਿਲੀ ਵਿਕਟ 15 ਦੌੜਾਂ ‘ਤੇ ਡਿੱਗਣ ਤੋਂ ਬਾਅਦ ਮਿਸ਼ੇਲ ਮਾਰਸ਼ ਅਤੇ ਡੇਵਿਡ ਵਾਰਨਰ ਨੇ ਦੂਜੀ ਵਿਕਟ ਲਈ 92 ਦੌੜਾਂ ਜੋੜ ਕੇ ਜਿੱਤ ਦੀ ਨੀਂਹ ਰੱਖੀ। ਵਾਰਨਰ ਨੇ 38 ਗੇਂਦਾਂ ‘ਤੇ 53 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 3 ਛੱਕੇ ਲਗਾਏ।
ਮੌਜੂਦਾ ਟੀ-20 ਵਿਸ਼ਵ ਕੱਪ ‘ਚ ਮਿਸ਼ੇਲ ਮਾਰਸ਼ ਦਾ ਇਹ ਦੂਜਾ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ ਵੈਸਟਇੰਡੀਜ਼ ਖਿਲਾਫ 53 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਦੇ ਖਿਲਾਫ ਉਸ ਨੇ 50 ਗੇਂਦਾਂ ‘ਤੇ ਅਜੇਤੂ 77 ਦੌੜਾਂ ਬਣਾਈਆਂ। ਇਹ ਉਸ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਛੇਵਾਂ ਅਰਧ ਸੈਂਕੜੇ ਹੈ।