ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਸਤਲੁਜ ਦਰਿਆ ਦੇ ਵਧੇ ਪਾਣੀ ਦੇ ਪੱਧਰ ਨੇ ਰੂਪਨਗਰ ਵਿੱਚ ਆਪਣਾ ਅਸਰ ਵਿਖਾਇਆ ਹੈ। ਦੂਜੇ ਪਾਸੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਪੌਂਗ ਡੈਮ ਤੋਂ ਛੱਡੇ ਪਾਣੀ ਨੇ ਹੁਣ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਪੌਂਗ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਅੰਮ੍ਰਿਤਸਰ ਦੇ ਪਿੰਡ ਸ਼ੇਰੋਬਾਗਾ ਦੇ ਘਰ ਪਾਣੀ ਦੀ ਲਪੇਟ ਵਿੱਚ ਆ ਗਏ। ਜਿਸ ਤੋਂ ਬਾਅਦ ਸ਼ਾਮ ਨੂੰ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਐਨਡੀਆਰਐਫ ਦੀਆਂ ਟੀਮਾਂ ਨੇ ਇਸ ਦੌਰਾਨ ਚਾਰਜ ਸੰਭਾਲ ਲਿਆ ਅਤੇ 26 ਲੋਕਾਂ ਅਤੇ 30 ਪਾਲਤੂ ਜਾਨਵਰਾਂ ਨੂੰ ਬਚਾਇਆ। ਇਸ ਦੌਰਾਨ ਪਿੰਡ ਦੇ ਗੁਰੂਘਰ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਤਿਕਾਰ ਸਹਿਤ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ ਹੈ।
ਅੰਮ੍ਰਿਤਸਰ ‘ਚ ਬਿਆਸ ਦਰਿਆ 744 ਗੇਜ ਦੇ ਖਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਹੈ, ਜਦਕਿ ਬਿਆਸ ਦਰਿਆ ‘ਚ ਪਾਣੀ ਦਾ ਵਹਾਅ 1.40 ਲੱਖ ਕਿਊਸਿਕ ਹੋਣ ਦਾ ਅਨੁਮਾਨ ਹੈ। ਅੰਮ੍ਰਿਤਸਰ ਤੋਂ ਇਲਾਵਾ ਬਿਆਸ ਦਾ ਅਸਰ ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਤਰਨਤਾਰਨ ਦੇ ਪਿੰਡ ਧੂੰਦਾ ਵਿੱਚ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਹੈ। ਜਿਸ ਕਾਰਨ 15 ਹਜ਼ਾਰ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ।
ਭਾਖੜਾ ਦਾ ਪਾਣੀ ਸਤਲੁਜ ਵਿੱਚ ਦਾਖਲ ਹੋਣ ਕਾਰਨ ਰੂਪਨਗਰ ਵਿੱਚ ਕਈ ਥਾਵਾਂ ’ਤੇ ਧੁੱਸੀ ਬੰਨ੍ਹ ਟੁੱਟ ਗਏ। ਪਿੰਡ ਬੁਰਜ ’ਚ ਬੰਨ੍ਹ ਟੁੱਟਣ ਮਗਰੋਂ ਸਥਿਤੀ ’ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ। ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ। ਮਿੱਟੀ ਦੀਆਂ ਇੱਕ ਲੱਖ ਬੋਰੀਆਂ ਭਰੀਆਂ ਗਈਆਂ ਹਨ।
ਪਿੰਡ ਚਾਂਦਪੁਰ ਬੇਲੇ ਵਿੱਚ ਬਚਾਅ ਕਾਰਜ ਸ਼ੁਰੂ
ਰੂਪਨਗਰ ਦੇ ਪਿੰਡ ਚੰਦਪੁਰ ਬੇਲੇ ਨੂੰ ਜਾਂਦੀ ਸੜਕ ਟੁੱਟਣ ਕਾਰਨ ਪਿੰਡ ਦਾ ਸੰਪਰਕ ਟੁੱਟ ਗਿਆ। ਪਰ ਹੁਣ ਟੀਮ ਸਹਾਇਤਾ ਦੇਣ ਲਈ ਉੱਥੇ ਪਹੁੰਚ ਗਈ ਹੈ। ਮੰਤਰੀ ਬੈਂਸ ਨੇ ਦੱਸਿਆ ਕਿ ਲੋਕਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਪਿੰਡ ਰਾਮਗੜ੍ਹ ਬੇਲਾ ਅਤੇ ਪੱਤੀ ਸ਼ੇਖ ਸਿੰਘ ਵਿੱਚ ਵੀ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਸੀਐਮ ਭਗਵੰਤ ਮਾਨ ਖੁਦ ਪੂਰੇ ਕੰਮ ਦੀ ਨਿਗਰਾਨੀ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h