ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਅੱਜ ਅੰਮ੍ਰਿਤਸਰ ਪੁੱਜੇ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਜਾ ਰਹੇ ਵਿਕਾਸ ਕਾਰਜ ਅਗਲੇ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਲਏ ਜਾਣਗੇ।
ਉਨ੍ਹਾਂ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਧਰਨਾ ਦਿੱਤਾ ਸੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਜੋ ਵੀ ਮੰਗਾਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਅਸੀਂ ਜੋ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਹਨ, ਉਨ੍ਹਾਂ ਨੂੰ ਜਾਣਬੁੱਝ ਕੇ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਦੀ ਬਿਹਤਰੀ ਲਈ ਲਗਾਤਾਰ ਕੰਮ ਕਰਨ ਲਈ ਵਚਨਬੱਧ ਹਨ।
ਇਸ ਦੌਰਾਨ ਉਨ੍ਹਾਂ ਕੇਜਰੀਵਾਲ ਦੇ ਵਾਅਦਿਆਂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਜੋ ਵੀ ਗਾਰੰਟੀ ਦੇ ਰਹੇ ਹਨ, ਉਹ ਸਾਰੀਆਂ ਝੂਠੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਵੋਟਰ ਸਿਆਣੇ ਹੋ ਗਏ ਹਨ ਅਤੇ ਉਹ ਪੰਜਾਬ ਅਤੇ ਪੰਜਾਬੀਅਤ ਨੂੰ ਹੀ ਵੋਟ ਪਾਉਣਗੇ। ਦੂਜੇ ਪਾਸੇ ਕੇਬਲ ਮਾਫੀਆ ‘ਤੇ ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਵਧੀਆ ਨੀਤੀ ਬਣਾਉਣਗੇ, ਜਿਸ ਦਾ ਪੰਜਾਬ ਨੂੰ ਫਾਇਦਾ ਹੋਵੇਗਾ।