ਪੰਜਾਬ ਦੀ ਸੈਰ ਸਪਾਟਾ ਸਨਅਤ ਨੂੰ ਵੱਡਾ ਹੁਲਾਰਾ ਦੇਣ ਲਈ 11 ਤੋਂ 13 ਸਤੰਬਰ ਤੱਕ ਐੱਮਟੀ ਯੂਨੀਵਰਸਿਟੀ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਰੰਗਲਾ ਪੰਜਾਬ ਟੂਰਿਜ਼ਮ ਸੰਮੇਲਨ ਕਰਵਾਇਆ ਜਾਵੇਗਾ। ਇਹ ਐਲਾਨ ਅੰਮ੍ਰਿਤਸਰ ਦੇ ਸੈਰ ਸਪਾਟਾ ਸਨਅਤ ਨਾਲ ਸਬੰਧਤ ਕਾਰੋਬਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਮੈਡਮ ਅਨਮੋਲ ਗਗਨ ਮਾਨ ਨੇ ਕੀਤਾ।
ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ, ਖੇਡਾਂ, ਖਾਣੇ, ਖੇਤੀਬਾੜੀ, ਪੇਂਡੂ ਅਰਥਚਾਰਾ, ਪੰਜਾਬੀ ਨਾਚ ਆਦਿ ਨੂੰ ਆਧਾਰ ਬਣਾ ਕੇ ਪੰਜਾਬ ਵਿਚ 23 ਵੱਡੇ ਮੇਲੇ ਅਗਲੇ ਸਾਲ ਕਰਵਾਉਣ ਦੀ ਯੋਜਨਾਬੰਦੀ ਕੀਤੀ ਹੈ ਜਿਸ ਵਿੱਚ ਜਨਵਰੀ ਮਹੀਨੇ ਅੰਮ੍ਰਿਤਸਰ ਵਿਖੇ ਰਾਸ਼ਟਰੀ ਪੱਧਰ ਦਾ ਰੰਗਲਾ ਪੰਜਾਬ ਮੇਲਾ ਕਰਵਾਇਆ ਜਾਵੇਗਾ ਜੋ ਕਿ ਕਰੀਬ 15 ਦਿਨ ਚੱਲੇਗਾ ਅਤੇ ਇਸ ਵਿਚ ਪ੍ਰਵਾਸੀ ਭਾਰਤੀਆਂ ਦੇ ਨਾਲ-ਨਾਲ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੈਰ ਸਪਾਟਾ ਸਨਅਤ ਨਾਲ ਜੁੜੇ ਉਦਮੀਆਂ ਨੂੰ ਵਿਸੇਸ਼ ਤੌਰ ’ਤੇ ਸੱਦਿਆ ਜਾਵੇਗਾ।
ਇਸ ਤੋਂ ਪਹਿਲਾਂ ਸੰਮੇਲਨ ਨੂੰ ਸੰਬੋਧਨ ਕਰਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਇਸ ਨਿਵੇਕਲੇ ਉਦਮ ਦੀ ਪ੍ਰਸੰਸਾ ਕਰਦੇ ਕਿਹਾ ਕਿ ਜੇਕਰ ਪੰਜਾਬ ਸੈਰ ਸਪਾਟਾ ਵਿੱਚ ਅੱਗੇ ਵੱਧਦਾ ਹੈ ਤਾਂ ਸਭ ਤੋਂ ਵੱਧ ਲਾਭ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਨੂੰ ਹੋਵੇਗਾ। ਇਸ ਤੋਂ ਪਹਿਲਾਂ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਪੰਜਾਬ ਦੇ ਰੰਗਲੇ ਸੱਭਿਆਚਾਰ ਨੂੰ ਦਰਸਾਉਂਦੀਆਂ ਵੀਡੀਓ ਅਤੇ ਤਸੀਵਰਾਂ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਪੰਜਾਬ ਦੇ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਤ ਕਰਨ ਲਈ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਅਜਿਹੇ ਸੰਮੇਲਨ ਕਰ ਚੁੱਕੇ ਹਾਂ।
ਇਸ ਮੌਕੇ ਸੀਈਓ ਇਨਵੈਸਟ ਪੰਜਾਬ ਡੀਪੀਐੱਸ ਖਰਬੰਦਾ ਨੇ ਸਾਰੇ ਉਦਮੀਆਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਕੋਈ ਵੀ ਪ੍ਰਾਜੈਕਟ ਵਿਸਥਾਰ ਸਾਡੇ ਨਾਲ ਸਾਂਝਾ ਕਰੋ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮਿਥੇ ਸਮੇਂ ਵਿੱਚ ਹਰੇਕ ਪ੍ਰਵਾਨਗੀ ਲੈ ਕੇ ਦੇਵਾਂਗੇ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਐੱਸਈ ਪੰਜਾਬ ਟੂਰਿਜਮ ਬੀਐੱਸ ਚਾਨਾ, ਜੀਐੱਮ ਇੰਡਸਰਟੀ ਇੰਦਰਜੀਤ ਸਿੰਘ ਟਾਂਡੀ ਅਤੇ ਹੋਰ ਵੀ ਹਾਜਰ ਸਨ।