19ਵੀਆਂ ਏਸ਼ੀਆਈ ਖੇਡਾਂ ਦੇ ਦੂਜੇ ਦਿਨ ਸੋਮਵਾਰ ਨੂੰ ਭਾਰਤੀ ਐਥਲੀਟਾਂ ਨੇ ਇਕ ਸੋਨੇ ਸਮੇਤ 4 ਤਗਮੇ ਜਿੱਤੇ। ਐਸ਼ਵਰਿਆ ਪ੍ਰਤਾਪ ਸਿੰਘ, ਦਿਵਿਆਂਸ਼ ਸਿੰਘ ਅਤੇ ਰੁਦਰੰਕਸ਼ ਪਾਟਿਲ ਨੇ ਚੀਨ ਦੇ ਹਾਂਗਜ਼ੂ ਵਿੱਚ 10 ਮੀਟਰ ਏਅਰ ਰਾਈਫਲ ਟੀਮ ਸ਼ੂਟਿੰਗ ਈਵੈਂਟ ਵਿੱਚ ਦੇਸ਼ ਦਾ ਪਹਿਲਾ ਸੋਨ ਤਮਗਾ ਜਿੱਤਿਆ। ਤਿੰਨਾਂ ਨੇ 1893.7 ਦਾ ਸਕੋਰ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ 1893.3 ਦੇ ਸਕੋਰ ਨਾਲ ਚੀਨ ਦੇ ਨਾਂ ਸੀ।
ਇਸ ਤੋਂ ਇਲਾਵਾ ਐਸ਼ਵਰਿਆ ਪ੍ਰਤਾਪ ਸਿੰਘ ਨੇ ਵਿਅਕਤੀਗਤ 10 ਮੀਟਰ ਏਅਰ ਰਾਈਫਲ ‘ਚ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੇ ਅੱਜ ਰੋਇੰਗ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ। ਇਸ ਨਾਲ ਭਾਰਤ ਨੇ ਹੁਣ ਤੱਕ 1 ਸੋਨ, 3 ਚਾਂਦੀ ਅਤੇ 5 ਕਾਂਸੀ ਦੇ ਤਗਮੇ ਹਾਸਲ ਕੀਤੇ ਹਨ।
1. ਸ਼ੂਟਿੰਗ: ਇਕ ਸੋਨਾ, ਇਕ ਕਾਂਸੀ: ਸਵੇਰੇ ਸਭ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਸੀ। ਇਸ ਵਿੱਚ ਦਿਵਿਆਂਸ਼ ਸਿੰਘ ਪੰਵਾਰ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਰੁਦਰਾਕਸ਼ ਪਾਟਿਲ ਨੇ ਨਿਸ਼ਾਨੇਬਾਜ਼ੀ ਟੀਮ ਈਵੈਂਟ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਭਾਰਤੀ ਤਿਕੜੀ ਨੇ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ 1893.7 ਅੰਕ ਬਣਾਏ। ਕੋਰੀਆ ਗਣਰਾਜ 1890.1 ਦੇ ਸਕੋਰ ਨਾਲ ਦੂਜੇ ਅਤੇ ਚੀਨ 1888.2 ਦੇ ਸਕੋਰ ਨਾਲ ਤੀਜੇ ਸਥਾਨ ‘ਤੇ ਰਿਹਾ।
ਇਸ ਤੋਂ ਬਾਅਦ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ‘ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦਾ ਇਹ 9ਵਾਂ ਅਤੇ ਦੂਜੇ ਦਿਨ ਚੌਥਾ ਤਮਗਾ ਹੈ। ਰੁਦਰਾਂਸ਼ ਪਾਟਿਲ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਿਹਾ ਅਤੇ ਤਮਗਾ ਜਿੱਤਣ ਤੋਂ ਖੁੰਝ ਗਿਆ। ਇਸ ਈਵੈਂਟ ਵਿੱਚ ਚੀਨ ਨੂੰ ਸੋਨ ਤਗਮਾ ਅਤੇ ਦੱਖਣੀ ਕੋਰੀਆ ਨੂੰ ਚਾਂਦੀ ਦਾ ਤਗਮਾ ਮਿਲਿਆ। ਇਸ ਤਰ੍ਹਾਂ ਭਾਰਤ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਹੁਣ ਤੱਕ 4 ਤਗਮੇ ਹਾਸਲ ਕੀਤੇ ਹਨ। ਇਸ ਵਿੱਚ ਇੱਕ ਸੋਨਾ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਸ਼ਾਮਲ ਹਨ।
2. ਅੱਜ ਰੋਇੰਗ ਵਿੱਚ ਦੋ ਕਾਂਸੀ ਦੇ ਤਮਗੇ ਹਾਸਲ ਕੀਤੇ
ਰੋਇੰਗ ਵਿੱਚ ਅੱਜ ਦੋ ਕਾਂਸੀ ਦੇ ਤਗਮੇ ਜਿੱਤੇ ਗਏ। ਜਸਵਿੰਦਰ, ਭੀਮ, ਪੁਨੀਤ ਅਤੇ ਅਸ਼ੀਸ਼ ਨੇ ਪੁਰਸ਼ਾਂ ਦੇ 4 ਫਾਈਨਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਪੁਰਸ਼ਾਂ ਦੇ ਕਵਾਡਰਪਲ ਸਕਲਸ ਈਵੈਂਟ ਵਿੱਚ ਸਤਨਾਮ ਸਿੰਘ, ਪਰਮਿੰਦਰ ਸਿੰਘ, ਜਾਕਰ ਖਾਨ, ਸੁਖਮੀਤ ਸਿੰਘ ਨੇ ਦੇਸ਼ ਲਈ ਤਗਮੇ ਲਿਆਏ। ਇਸ ਤਰ੍ਹਾਂ ਦੇਸ਼ ਨੂੰ ਰੋਇੰਗ ਵਿੱਚ ਇੱਕ ਚਾਂਦੀ ਅਤੇ 3 ਕਾਂਸੀ ਦੇ ਤਗਮੇ ਮਿਲੇ ਹਨ।