ਅਮਨ ਅਰੋੜਾ ਵੱਲੋਂ ਪ੍ਰਸ਼ਾਸਨ ਤੇ ਜਨਤਕ ਸੇਵਾਵਾਂ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਈ.ਐਸ.ਬੀ. ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਦੀ ਟੀਮ ਨਾਲ ਵਿਚਾਰ-ਵਟਾਂਦਰਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਵਿੱਚ ਡਿਜੀਟਲ ਤਬਦੀਲੀ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਈ ਯਤਨਸ਼ੀਲ: ਪ੍ਰਸ਼ਾਸਨਿਕ ਸੁਧਾਰ ਮੰਤਰੀ
ਸੂਬੇ ਵਿੱਚ ਪ੍ਰਸ਼ਾਸਨ ਅਤੇ ਜਨਤਕ ਸੇਵਾਵਾਂ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬ ਸਰਕਾਰ ਅਤੇ ਅਕਾਦਮਿਕ ਭਾਈਵਾਲਾਂ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਵਾਸਤੇ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤ ਬਾਰੇ ਮੰਤਰੀ ਅਮਨ ਅਰੋੜਾ ਨੇ ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ, ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਦੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ।
ਪੰਜਾਬ ਰਾਜ ਲਈ ਕਈ ਕੇਂਦਰਿਤ ਪਹਿਲਕਦਮੀਆਂ ਬਾਰੇ ਚਰਚਾ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਵਿੱਚ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਡਿਜੀਟਲ ਤਬਦੀਲੀ ਲਿਆਉਣ ਵਾਸਤੇ ਵਚਨਬੱਧ ਹੈ। ਸਰਕਾਰ ਅਤੇ ਅਕਾਦਮਿਕ ਭਾਈਵਾਲੀ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਸਰਕਾਰ ਨੂੰ ਖੋਜ ਅਤੇ ਤੱਥ-ਆਧਾਰਤ ਨੀਤੀਗਤ ਜਾਣਕਾਰੀ ਪ੍ਰਦਾਨ ਕਰਦੀ ਹੈ।
ਇਸ ਮੀਟਿੰਗ ਦਾ ਉਦੇਸ਼ ਪੰਜਾਬ ਰਾਜ ਲਈ ਕਈ ਕੇਂਦਰਿਤ ਪਹਿਲਕਦਮੀਆਂ ‘ਤੇ ਪੰਜਾਬ ਸਰਕਾਰ ਅਤੇ ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਵਿਚਕਾਰ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਸੀ। ਇਸ ਮੀਟਿੰਗ ਦੌਰਾਨ ਪਾਲਿਸੀ ਡਾਇਰੈਕਟਰ ਡਾ. ਆਰੂਸ਼ੀ ਜੈਨ ਦੀ ਅਗਵਾਈ ਵਾਲੀ ਭਾਰਤੀ ਇੰਸਟੀਚਿਊਟ ਆਫ ਪਬਲਿਕ ਪਾਲਿਸੀ ਦੀ ਟੀਮ ਨੇ ਪੰਜਾਬ ਸਟੇਟ ਡਾਟਾ ਪੋਰਟਲ – ਪੰਜਾਬ ਰਾਜ ਨਾਲ ਸਬੰਧਿਤ ਵੱਖ-ਵੱਖ ਡਾਟਾ ਸੈੱਟਸ ਅਤੇ ਜਾਣਕਾਰੀ, ਲਈ ਪ੍ਰਸਤਾਵ ਪੇਸ਼ ਕਰਨ ਸਮੇਤ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਨਤਕ ਸੇਵਾਵਾਂ ਪ੍ਰਦਾਨ ਕਰਨ ਅਤੇ ਸੁਚੱਜੇ ਪ੍ਰਸ਼ਾਸਨ ਲਈ ਚੁੱਕੇ ਕਦਮਾਂ ‘ਤੇ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਸਰਕਾਰ ਦੀ ਡਾਟਾ-ਆਧਾਰਤ ਫੈਸਲੇ ਲੈਣ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ ਅਤੇ ਡਾਟਾ ਨੂੰ ਜਨਤਾ ਤੱਕ ਪਹੁੰਚਯੋਗ ਬਣਾ ਕੇ ਹੋਰ ਪਾਰਦਰਸ਼ਤਾ ਲਿਆਂਦੀ ਜਾ ਸਕੇ। ਇਸੇ ਦੌਰਾਨ ਰੀਅਲ ਟਾਈਮ ਗਵਰਨੈਂਸ ਮੌਨਿਟਰਿੰਗ ‘ਤੇ ਕੇਂਦਰਤ ਡਾਟਾ ਵਿਸ਼ਲੇਸ਼ਣ ਪ੍ਰਦਾਨ ਕਰਨ ਵਾਲੇ ਇਕ ਹੋਰ ਈ-ਪਲੇਟਫਾਰਮ ਅਤੇ ਇਸ ਦੇ ਭਵਿੱਖੀ ਵਿਸ਼ਲੇਸ਼ਣ ਬਾਰੇ ਵੀ ਚਰਚਾ ਕੀਤੀ ਗਈ।
ਇਸ ਮੀਟਿੰਗ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤਾਂ ਵਿਭਾਗ ਦੇ ਵਿਸ਼ੇਸ਼ ਸਕੱਤਰ ਗਿਰੀਸ਼ ਦਿਆਲਨ, ਵਿਭਾਗ ਦੇ ਹੋਰ ਮੁਲਾਜ਼ਮਾਂ ਤੋਂ ਇਲਾਵਾ ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ, ਆਈ.ਐਸ.ਬੀ. ਦੀ ਟੀਮ ਜਿਨ੍ਹਾਂ ਵਿੱਚ ਸੀਨੀਅਰ ਮੈਨੇਜਰ ਗੌਰਮਿੰਟ ਟ੍ਰੇਨਿੰਗ ਡਾ. ਸ਼ਰੀਕ ਹਸਨ ਮਨਜ਼ੀਰ ਅਤੇ ਪ੍ਰੋਜੈਕਟ ਲੀਡ, ਇੰਡੀਆ ਡਾਟਾ ਪੋਰਟਲ ਅੰਮ੍ਰਿਤਾ ਚੱਕਰਵਰਤੀ ਵੀ ਹਾਜ਼ਰ ਸਨ।