ਖ਼ਬਰਾਂ ਅਨੁਸਾਰ ਜੈਤੋ ਦੇ 2 ਸਕੂਲਾਂ ਅਲਾਇੰਸ ਇੰਟਰਨੈਸ਼ਨਲ ਸਕੂਲ ਅਤੇ ਸ਼ਿਵਾਲਿਕ ਕਿਡਜ਼ ਸਕੂਲ ਵਿੱਚ ਛੂਤ ਦੀ ਬਿਮਾਰੀ ਚਿਕਨ ਪਾਕਸ ਦੇ ਮਾਮਲੇ ਵੱਧ ਰਹੇ ਹਨ। ਇਸ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅੱਜ ਇਨ੍ਹਾਂ ਦੋਵਾਂ ਸਕੂਲਾਂ ਨੂੰ 7 ਦਿਨਾਂ ਲਈ ਬੰਦ ਕਰਕੇ ਛੁੱਟੀ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ: ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਤੋਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਇਲਾਕੇ ਵਿੱਚ ਮੌਜੂਦ ਹਨ। ਇਸ ਬਿਮਾਰੀ ਦੀ ਖ਼ਬਰ ਅਧਿਕਾਰੀਆਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਡਾ. ਦੀਪਤੀ ਅਰੋੜਾ ਦੀ ਅਗਵਾਈ ਵਿੱਚ ਐਪੀਡੈਮੋਲੋਜਿਸਟ, ਚਮੜੀ ਦੇ ਮਾਹਿਰ, ਬਾਲ ਰੋਗਾਂ ਦੇ ਮਾਹਿਰ, ਏ.ਐਨ.ਐਮਜ਼, ਆਸ਼ਾ ਵਰਕਰਾਂ ਅਤੇ ਮਾਸ ਮੀਡੀਆ ਟੀਮਾਂ ਨੇ ਉਸ ਖੇਤਰ ਦਾ ਦੌਰਾ ਕੀਤਾ ਹੈ ਜਿੱਥੇ ਇਹ ਸਕੂਲ ਸਥਿਤ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ 2 ਬੰਦ ਸਕੂਲਾਂ ਸਮੇਤ ਜੈਤੋ ਸ਼ਹਿਰ ਵਿੱਚ ਕੁੱਲ 17 ਸਕੂਲ ਹਨ ਅਤੇ ਬਾਕੀ ਰਹਿੰਦੇ 15 ਸਕੂਲਾਂ ਵਿੱਚ ਵੀ ਇਸ ਬਿਮਾਰੀ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਦੋ ਸਕੂਲਾਂ ਵਿੱਚੋਂ ਅਲਾਇੰਸ ਸਕੂਲ ਦੇ 21 ਬੱਚੇ ਅਤੇ ਸ਼ਿਵਾਲਿਕ ਕਿਡਜ਼ ਸਕੂਲ ਦੇ 3 ਬੱਚੇ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ।