Punjab Roadways employees strike: ਪੀਆਰਟੀਸੀ, ਪਨਬੱਸ ਅਤੇ ਪੰਜਾਬ ਰੋਡਵੇਜ਼ ਵਿਚ ਕੰਮ ਕਰਦੇ ਕੱਚੇ ਮੁਲਾਜ਼ਮ ਪੰਜਾਬ ਸਰਕਾਰ ਖਿਲਾਫ਼ ਹੜਤਾਲ ‘ਤੇ ਚਲੇ ਗਏ ਹਨ। ਇਹਨਾਂ ਕੱਚੇ ਕਾਮਿਆਂ ਦੀ ਹੜਤਾਲ ਵੀਰਵਾਰ ਤੋਂ ਦੋ ਦਿਨਾਂ ਲਈ ਸ਼ੁਰੂ ਹੋ ਗਈ ਹੈ। ਤਿਉਹਾਰਾਂ ਦੇ ਸਿਜਨ ਮੌਕੇ ਪੀਆਰਟੀਸੀ, ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਹੜਤਾਲ ‘ਤੇ ਜਾਣ ਨਾਲ ਯਾਤਰੀ ਕਾਫ਼ੀ ਪਰੇਸ਼ਾਨ ਹੋਣਗੇ।
ਦੋ ਦਿਨਾਂ ਦੀ ਹੜਤਾਲ ਦਾ ਫੈਸਲਾ ਮੁਲਾਜ਼ਮ ਯੂਨੀਅਨ ਨੇ ਬੁੱਧਵਾਰ ਨੂੰ ਮੀਟਿੰਗ ਦੌਰਾਨ ਲਿਆ ਸੀ। ਇਸ ਸਟ੍ਰਾਇਕ ਦੌਰਾਨ 7 ਹਜ਼ਾਰ ਤੋਂ ਵੱਧ ਕੰਟਰੈਕਟ ਮੁਲਾਜ਼ਮ ਹੜਤਾਲ ‘ਤੇ ਰਹਿਣਗੇ, ਜਿਸ ਕਾਰਨ ਪੀਆਰਟੀਸੀ ਦੀ ਕਰੀਬ 70 ਫੀਸਦੀ ਬੱਸ ਸੇਵਾ ਪ੍ਰਭਾਵਿਤ ਹੋਵੇਗੀ। ਇਸ ਹੜਤਾਲ ਕਾਰਨ ਸੂਬੇ ਦੇ ਵੱਖ-ਵੱਖ ਰੂਟਾਂ ‘ਤੇ 9 ਅਤੇ 10 ਨਵੰਬਰ ਨੂੰ ਬੱਸ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਅਤੇ ਇਸ ਦੌਰਾਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਵੇਂ ਪੀਆਰਟੀਸੀ ਦੇ ਕਰੀਬ 30 ਫੀਸਦੀ ਰੈਗੂਲਰ ਸਟਾਫ ਬੱਸ ਸੇਵਾ ਪ੍ਰਦਾਨ ਕਰੇਗਾ ਪਰ ਵੱਡੀ ਗਿਣਤੀ ਵਿਚ ਠੇਕਾ ਮੁਲਾਜ਼ਮ ਹੜਤਾਲ ‘ਤੇ ਰਹਿਣਗੇ। ਇਸ ਹੜਤਾਲ ਵਿਚ ਡਰਾਈਵਰਾਂ ਤੇ ਕੰਡਕਟਰਾਂ ਤੋਂ ਇਲਾਵਾ ਕਲੈਰੀਕਲ ਸਟਾਫ ਵੀ ਸ਼ਮੂਲੀਅਤ ਕਰੇਗਾ।
ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਵਿੱਕੀ, ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਫਿਰ ਵੀ ਮੰਗਾਂ ਪੂਰੀਆਂ ਕਰਨ ਵਿੱਚ ਦੇਰੀ ਹੋਣ ਕਾਰਨ ਯੂਨੀਅਨ ਵਿੱਚ ਰੋਸ ਹੈ ਜਿਸ ਕਾਰਨ ਯੂਨੀਅਨ ਨੇ ਸੰਘਰਸ਼ ਦਾ ਰਾਹ ਚੁਣਿਆ।