ਕੁਝ ਕਰਤੱਬ ਅਤੇ ਕਰਮ ਇੰਨੇ ਡੂੰਘੇ ਹਨ ਕਿ ਉਹ ਇਤਿਹਾਸ ਨੂੰ ਬਦਲ ਦਿੰਦੇ ਹਨ।ਅਜਿਹਾ ਹੀ ਇਕ ਕਰਤੱਵ ਹੈ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਜੋ ਕਿ ਧਰਮ ਲਈ ਨੀਹਾਂ ‘ਚ ਚਿਣੇ ਗਏ।ਕੌਮ ਲਈ ਕੁਰਬਾਨੀ ਦੇਣ ਵਾਲੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
ਜਨਮ: ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ 30 ਨਵੰਬਰ 1696 ਨੂੰ ਆਨੰਦਪੁਰ ਸਾਹਿਬ, ਰੋਪੜ ਪੰਜਾਬ ਵਿਖੇ ਮਾਤਾ ਜੀਤੋ ਕੌਰ ਜੀ (ਮਾਤਾ ਸੁੰਦਰੀ ਜੀ) ਦੀ ਕੁੱਖੋਂ ਹੋਇਆ ਸੀ।ਸਾਹਿਬਜ਼ਾਦਾ ਜ਼ੋਰਾਵਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵਿਚੋਂ ਤੀਜੇ ਪੁੱਤਰ ਸਨ।
ਆਨੰਦਪੁਰ ਦਾ ਕਿਲ੍ਹਾ ਛੱਡਿਆ: ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ‘ਤੇ ਮੁਗਲਾਂ ਅਤੇ ਪਹਾੜੀਆਂ ਦੇ ਸੁਮੇਲ ਨੇ ਆਨੰਦਪੁਰ ਸਾਹਿਬ ਨੂੰ ਘੇਰ ਲਿਆ।ਸ਼ਹਿਰ ‘ਚ ਅਨਾਜ ਦਾ ਭੰਡਾਰ ਖ਼ਤਮ ਹੋ ਗਿਆ।ਮੁਗਲਾਂ ਨੇ ਸਿੱਖਾਂ ਨੂੰ ਇਕੱਲੇ ਛੱਡਣ ਦਾ ਵਾਅਦਾ ਕੀਤਾ, ਪਰ ਸ਼ਰਤ ਰੱਖੀ ਕਿ ਉਹ ਆਨੰਦਪੁਰ ਦਾ ਕਿਲ੍ਹਾ ਉਨ੍ਹਾਂ ਨੂੰ ਸੌਂਪ ਦੇਣ।20 ਤੇ 21 ਦਸੰਬਰ ਸੰਨ 1704 ਦੀ ਰਾਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਆਪਣੇ ਪਰਿਵਾਰ ਅਤੇ ਸਿੱਖਾਂ ਦੇ ਇਕ ਛੋਟੇ ਜਿਹੇ ਜਥੇ ਨਾਲ ਕਿਲ੍ਹਾ ਛੱਡ ਗਏ
ਸਰਸਾ ਨਦੀ ‘ਤੇ ਵਿਛੋੜਾ: ਉਹ ਬਹੁਤੀ ਦੂਰ ਨਹੀਂ ਗਏ ਸਨ ਜਦੋਂ ਮੁਗਲ ਆਪਣਾ ਵਾਅਦਾ ਤੋੜਦੇ ਹੋਏ, ਉਨ੍ਹਾਂ ਦੇ ਪਿੱਛੇ ਆ ਗਏ।ਉਸ ਵਕਤ ਸਰਸਾ ਨਦੀ ‘ਚ ਹੜ੍ਹ ਆਇਆ ਹੋਇਆ ਸੀ।ਜਦੋਂ ਅੱਗੇ ਜਾਣ ਦਾ ਰਸਤਾ ਨਾ ਮਿਲਿਆ ਤਾਂ ਸਰਸਾ ਨਦੀ ‘ਤੇ ਜੰਗ ਹੋਈ।ਜੰਗ ‘ਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ, ਇਥੇ ਦਸਵੇਂ ਪਾਤਸ਼ਾਹ ਵੀ ਤਿੰਨ ਹਿਸਿਆਂ ‘ਚ ਵੰਡਿਆ ਗਿਆ।ਪਾਤਸ਼ਾਹ ਤੋਂ ਵਿਛੜ ਮਾਤਾ ਸੁੰਦਰ ਕੌਰ( ਜੀਤੋ ਜੀ) ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਆ ਗਏ।ਮਾਤਾ ਗੁਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ ਸਰਸਾ ਦੇ ਕੰਡੇ ਚਲਦੇ ਚਲਦੇ ਮੋਰਿੰਡਾ ਪਹੁੰਚੇ।
ਗੰਗੂ ਬ੍ਰਾਹਮਣ ਦਾ ਲਾਲਚ: ਰਸੋਈਆ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਦੋ ਸਾਹਿਬਜ਼ਾਦਿਆਂ ਨੂੰ ਆਪਣੇ ਜੱਦੀ ਪਿੰਡ ਖੇੜੀ ਲੈ ਆਇਆ ਤੇ ਉਸ ਨੇ ਲਾਲਚ ‘ਚ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਮੋਰਿੰਡਾ ਦੇ ਫੌਜ਼ਦਾਰ ਹਵਾਲੇ ਕਰ ਦਿੱਤਾ।ਫਿਰ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੀ ਹਾਜ਼ਰੀ ‘ਚ ਸਰਹਿੰਦ ਲਿਆਂਦਾ ਗਿਆ।ਮਾਤਾ ਗੁਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿੰਨਾਂ ਨੂੰ ਸਾਰੀ ਰਾਤ ਠੰਡੇ ਬੁਰਜ ‘ਚ ਭੁੱਖੇ-ਪਿਆਰੇ ਰੱਖਿਆ ਗਿਆ।ਭਾਈ ਮੋਤੀ ਰਾਮ ਨੇ, ਆਪਣੇ ਪਰਿਵਾਰ ਨੂੰ ਖ਼ਤਰੇ ‘ਚ ਪਾ ਕੇ ਉਨ੍ਹਾਂ ਨੂੰ ਦੁੱਧ ਪਹੁੰਚਾਇਆ।
ਜਿਉਂਦੇ ਜੀਅ ਨੀਹਾਂ ‘ਚ ਚਿਣਵਾ ਦਿੱਤਾ: ਗੁਰੂਗੋਬਿੰਦ ਸਿੰਘ ਜੀ ਦੇ ਦੋ ਪੁੱਤਰ ਜ਼ੋਰਾਵਰ ਸਿੰਘ ( 9 ਸਾਲ) ਤੇ ਫਤਿਹ ਸਿੰਘ (7 ਸਾਲ) ਨੂੰ ਸੁਰੱਖਿਅਤ ਰਾਹ ਦੀ ਪੇਸ਼ਕਸ਼ ਕੀਤੀ ਗਈ ਸੀ, ਜੇਕਰ ਉਹ ਮੁਸਲਮਾਨ ਬਣ ਜਾਣ।ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਕਚਿਹਿਰੀ ‘ਚ ਪੇਸ਼ ਕਰਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ।ਅਖ਼ੀਰ ਫਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਕੀਤਾ ਕਿ ਉਨ੍ਹਾਂ ਨੂੰ ਜਿਊਂਦੇ ਜੀਅ ਨੀਹਾਂ ‘ਚ ਚਿਣਵਾ ਦਿੱਤਾ ਜਾਵੇ।26 ਦਸੰਬਰ ਸੰਨ 1704 ਨਵਾਬ ਸਰਹੰਦ, ਵਜ਼ੀਦੇ ਦੇ ਜ਼ਾਲਮਾਨਾ ਹੁਕਮ ਨਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਜਿਉਂਦੇ ਜੀਅ ਨੀਹਾਂ ‘ਚ ਚਿਣਵਾ ਦਿੱਤਾ ਗਿਆ।ਉਸ ਸਮੇਂ ਉਨਾਂ੍ਹ ਦੀ ਉਮਰ 6 ਤੋਂ 8 ਸਾਲ ਸੀ।
ਸਸਕਾਰ ਲਈ ਮੋਹਰਾਂ ਵਿਛਾ ਲਈ ਜ਼ਮੀਨ: ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਨਵਾਬ ਟੋਡਰਮਲ ਨੇ ਜ਼ਮੀਨ ਤੇ ਮੋਹਰਾਂ ਵਿਛਾ ਕੇ ਉਨ੍ਹਾਂ ਲਈ ਜਗ੍ਹਾ ਖ੍ਰੀਦੀ।ਜਿਸ ਥਾਂ ਉੱਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ ਉਥੇ ਅੱਜ ‘ਗੁਰਦੁਆਰਾ ਜੋਤੀ ਸਰੂਪ’ ਸੁਸ਼ੋਭਿਤ ਹੈ।