ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਿੱਖ ਇਤਿਹਾਸ ‘ਚ ਚਮਕਦੇ ਧਰੂ ਤਾਰੇ ਦੇ ਵਾਂਗ ਹਨ।ਉਨ੍ਹਾਂ ਦਾ ਜਨਮ 14 ਦਸੰਬਰ 1699 ਈ: ‘ਚ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਗੁਰੂ ਜੀ ਦੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਾਹਮਣ ਸਮੇਤ, ਸਿੰਘਾਂ ਦੇ ਜਥੇ ਨਾਲੋਂ ਨਿਖੜ ਗਏ।ਰਸੋਈਆ ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਆਇਆ।ਮਾਤਾ ਗੁਜਰੀ ਜੀ ਕੋਲ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਉਹ ਬੇਈਮਾਨ ਹੋ ਗਿਆ।ਉਹ ਇੰਨਾਂ ਨੂੰ ਫੜਾ ਕੇ ਸਰਹੰਦ ਦੇ ਸੂਬੇ ਕੋਲੋਂ ਇਨਾਮ ਤੇ ਸ਼ੌਹਰਤ ਲੈਣਾ ਚਾਹੁੰਦਾ ਸੀ।
ਦੂਜੇ ਦਿਨ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਿਸ ਮਾਤਾ ਜੀ ਤੇ ਉਨ੍ਹਾਂ ਦੇ ਦੋਵੇਂ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ ਤੇ ਤਿੰਨਾਂ ਨੂੰ ਸਰਹੰਦ ਦੇ ਇਕ ਠੰਡੇ ਬੁਰਜ ‘ਚ ਕੈਦ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਸਾਰੀ ਰਾਤ ਭੁੱਖੇ-ਤਿਹਾਏ ਰੱਖਿਆ ਗਿਆ।ਭਾਈ ਮੋਤੀ ਰਾਮ ਨੇ,ਆਪਣੇ ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਤੱਕ ਦੁੱਧ ਪਹੁੰਚਾਇਆ।ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਕਚਹਿਰੀ ‘ਚ ਪੇਸ਼ ਕਰਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿਗ ਰਹੇ।ਉਨ੍ਹਾਂ ਦੀ ਮਾਸੂਮੀਅਤ ‘ਤੇ ਦਿਲ ਪਸੀਜਿਆ ਵੇਖ ਕਾਜ਼ੀ ਨੇ ਕਿਹਾ ਕਿ ਇਸਲਾਮ ਬੱਚਿਆਂ ‘ਤੇ ਇਸ ਤਰ੍ਹਾਂ ਜ਼ੁਲਮ ਦੀ ਆਗਿਆ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਨ੍ਹਾਂ ਨੂੰ ‘ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ’ਦੱਸਦਿਆਂ ਸਖਤ ਸਜ਼ਾ ਦੇਣ ਦੀ ਗਲ ਕਹੀ ਤੇ ਅਖੀਰ ਫਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ ਉਨ੍ਹਾਂ ਨੂੰ ਜੀਉਂਦੇ ਜੀਅ ਨੀਹਾਂ ‘ਚ ਚਿਣਵਾਂ ਦਿੱਤਾ।ਦੀਵਾਰ ਦੇ ਢਹਿ ਜਾਣ ‘ਤੇ ਉਨ੍ਹਾਂ ਨੂੰ ਸਿਰ ਤਲਵਾਰ ਨਾਲ ਧਵਾਂ ਤੋਂ ਜੁਦਾ ਕਰ ਦਿੱਤੇ ਗਏ।ਇਸ ਤੋ ਇਲਾਵਾ ਵਜ਼ੀਰ ਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਦਲਾ ਵੀ ਲੈਣਾ ਚਾਹੁੰਦਾ ਸੀ।ਇਤਿਹਾਸਕਾਰਾਂ ਮੁਤਾਬਕ ਉਸ ਸਮੇਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਉਮਰ ਸਿਰਫ 7 ਸਾਲ ਸੀ।ਏਨੀ ਛੋਟੀ ਉਮਰ ‘ਚ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਉਹ ਸੂਝ-ਬੂਝ ਸੀ, ਜਿਸ ਨਾਲ ਇਕ ਕੌਮ ਦਾ ਸਿਰ ਉਚਾ ਹੋ ਸਕੇ।
ਇਸ ਗੱਲ ਦੀ ਮਿਸਾਲ ਉਹ ਸਮਾਂ ਦਿੰਦਾ ਹੈ ਜਦੋਂ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਛੋਟਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਦਰਬਾਰ ‘ਚ ਲਿਆਂਦਾ ਜਾ ਰਿਹਾ ਸੀ।ਉਸ ਸਮੇਂ ਵਜ਼ੀਰ ਖਾਂ ਦੇ ਸਿਪਾਹੀਆਂ ਨੇ ਦਰਬਾਰ ਦਾ ਵੱਡਾ ਗੇਟ ਬੰਦ ਕਰ ਦਿੱਤਾ ਸੀ ਛੋਟਾ ਗੇਟ ਅੰਦਰ ਆਉਣ ਲਈ ਖੋਲ੍ਹ ਦਿੱਤਾ ਸੀ।ਇਸ ਦੇ ਪਿਛੇ ਵਜ਼ੀਰ ਖਾਂ ਦਾ ਇਹ ਮਕਸਦ ਸੀ ਕਿ ਜਦੋਂ ਦੋਵੇਂ ਸਾਹਿਬਜ਼ਾਦੇ ਅੰਦਰ ਆਉਣ ਤਾਂ ਆਪਣਾ ਸਿਰ ਝੁਕਾ ਕੇ ਅੰਦਰ ਆਉਣ ਪਰ ਸਾਹਿਬਜ਼ਾਦਿਆਂ ਦੀ ਸੂਝ ਬੂਝ ਨੇ ਵਜ਼ੀਰ ਖਾਂ ਦੀ ਇਸ ਯੋਜਨਾ ‘ਤੇ ਪਾਣੀ ਫੇਰ ਦਿਤਾ।ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਜਿਸ ਸਮੇਂ ਉਸ ਗੇਟ ‘ਚੋਂ ਲੰਘਣਾ ਸੀ, ਆਪਣਾ ਪੈਰ ਗੇਟ ਅੰਦਰ ਰੱਖਿਆ ਤੇ ਬਿਨ੍ਹਾਂ ਸੀਸ ਝੁਕਾਏ ਅੰਦਰ ਪ੍ਰਵੇਸ਼ ਕੀਤਾ।ਮੁਗਲ ਸਿਪਾਹੀ ਸਾਹਿਬਜ਼ਾਦਿਆਂ ਦੀ ਨਿਡਰਤਾ ਤੇ ਸੂਝ ਬੂਝ ਤੇ ਹੈਰਾਨ ਹੋ ਗਏ।ਵਜ਼ੀਰ ਖਾਂ ਨੇ ਨਾਕਾਮੀ ਦਾ ਪ੍ਰਦਰਸ਼ਨ ਕਰਦੇ ਹੋਏ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਵਾ ਕੇ 1705 ਈਂ. ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤ ਸੀ।