ਸਿੱਖ ਪੰਥ ਸਮੁੱਚੀ ਮਾਨਵਤਾ ਦਾ ਸਾਂਝਾ ਪੰਥ, ਸਮੁੱਚੀ ਮਾਨਵਤਾ ਦਾ ਸਾਂਝਾ ਧਰਮ, ਜਿਸ ਧਰਮ ਦੇ ਸਿਧਾਂਤਾਂ ਨੂੰ ਅਪਣਾ ਕੇ ਦੁਨੀਆਂ ਦੇ ਵਿਚ ਕਿਸੇ ਵੀ ਖਿੱਤੇ ਵਿਚ ਰਹਿਣ ਵਾਲਾ ਉਹ ਬਸ਼ਿੰਦਾ ਪਰਮਾਤਮਾ ਨਾਲ ਇਕਮਿਕ ਹੋ ਸਕਦਾ ਹੈ। ਉਸ ਸਿੱਖ ਧਰਮ, ਜਿਸਦੀ ਆਰੰਭਤਾ ਧੰਨ ਗੁਰੂ ਨਾਨਕ ਸਾਹਿਬ ਨੇ ਕੀਤੀ। ਗੁਰੂ ਨਾਨਕ ਸਾਹਿਬ ਇਕ ਅਜਿਹੇ ਮਹਾਨ ਕ੍ਰਾਂਤੀਕਾਰੀ ਧਾਰਮਿਕ ਆਗੂ, ਜਿਨ੍ਹਾਂ ਦੀ ਵਿਚਾਰਧਾਰਾ ਸਮੇਂ, ਸਥਾਨ ਅਤੇ ਵਿਸ਼ਾ ਪੱਖ ਤੋਂ ਬਹੁਤ ਵਿਸ਼ਾਲ ਤੇ ਵਿਸ਼ਵ-ਵਿਆਪੀ ਘੇਰੇ ਵਾਲੀ ਸੀ।
ਦਸਵੇਂ ਪਾਤਿਸ਼ਾਹ, ਗੁਰੂ ਨਾਨਕ ਸਾਹਿਬ ਦੀ ਜੋਤ, ‘ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ’। ਸਰਬੰਸਦਾਨੀ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ ਤੇ ਅਗੰਮੀ ਸ਼ਖ਼ਸੀਅਤ, ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ। ਦੌਲਤ ਰਾਇ ਆਪ ਭਾਵੇਂ ਸਿੱਖ ਨਹੀਂ ਸੀ, ਪਰ ਉਸਨੇ ਗੁਰੂ ਜੀ ਨੂੰ ਸਭ ਤੋਂ ਉੱਚੀ ਸ਼ਖ਼ਸੀਅਤ ਮੰਨਿਆ ਹੈ ਅਤੇ ‘ਸਾਹਿਬ-ਏ-ਕਮਾਲ’ ਆਖ ਕੇ ਉਹਨਾਂ ਦੀ ਸ਼ਾਨ ਨੂੰ ਉਜਾਗਰ ਕੀਤਾ ਹੈ। ਪਟਨੇ ਦੀ ਧਰਤੀ ‘ਤੇ ਸੰਨ 1666 ਈ: ਨੂੰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਅਤੇ ਮਾਤਾ ਗੂਜਰੀ ਦੇ ਘਰ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਆਗਮਨ ਹੁੰਦਾ ਹੈ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪਿੱਛੋਂ ਸੰਨ 1675 ਈ: ਨੂੰ ਨੌਂ ਸਾਲ ਦੀ ਉਮਰ ਵਿਚ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂਤਾ-ਗੱਦੀ ‘ਤੇ ਬਿਰਾਜਮਾਨ ਹੋਏ ਅਤੇ ਸਿੱਖ ਪੰਥ ਦੀ ਵਾਗਡੋਰ ਸੰਭਾਲੀ। ਸਿਰਫ਼ 42 ਸਾਲ ਦੀ ਆਯੂ ਤੱਕ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਆਰੰਭ ਕੀਤੇ ਸਿੱਖ ਧਰਮ ਤੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਦੇ ਨਾਲ, ਕੁਸ਼ਲਤਾ ਦੇ ਨਾਲ ਸਿਖਰ ‘ਤੇ ਪਹੁੰਚਾਇਆ। ਗੁਰਮਤਿ ਦੇ ਆਦਰਸ਼ਾਂ ਨੂੰ ਸੰਪੂਰਨ ਰੂਪ ਵਿਚ ਸੰਪੰਨ ਕਰਕੇ ਸਦੀਵ ਕਾਲ ਦੀ ਨਿਰੰਤਰ ਸੰਸਥਾ ਦੇ ਤੌਰ ‘ਤੇ ਸਥਾਪਿਤ ਕੀਤਾ। ਸਿੱਖ ਰਹਿਤ ਮਰਿਆਦਾ ਅਤੇ ਸਿੱਖੀ ਸਰੂਪ ਨਿਸ਼ਚਿਤ ਕਰਕੇ ਸਿੱਖ ਧਰਮ ਦੀ ਸਮਾਜ ਵਿਚ ਵੱਖਰੀ ਤੇ ਨਿਆਰੀ ਪਹਿਚਾਣ ਕਾਇਮ ਕੀਤੀ। ਉਹਨਾਂ ਨੇ ਖਾਲਸਾ ਪੰਥ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਦਿੱਤਾ ਸੀ ਕਿ ਹੁਣ ਉਸਨੂੰ ਕਿਸੇ ਹੋਰ ਮਨੁੱਖੀ ਗੁਰੂ ਦੀ ਲੋੜ ਨਹੀਂ ਸੀ। ਉਹ ਆਪਣੇ ਆਪ ਵਿਚ ਪੂਰਨ ਸੀ। ਗੁਰੂ ਵੀ ਉਸਦੇ ਅੰਦਰ ਸੀ ਤੇ ਸਿੱਖ ਵੀ ਉਸਦੇ ਅੰਦਰ ਸੀ।
ਖਾਲਸੇ ਨੂੰ ਉਪਦੇਸ਼ ਦਿੱਤਾ : ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਉਹਨਾਂ ਨੇ ਸਿੱਖ ਸੰਗਤਾਂ ਨੂੰ ਨਸ਼ਿਆਂ ਤੋਂ ਵਿਵਰਜਤ ਕਰਦਿਆਂ ਅਮਲ ਪ੍ਰਸ਼ਾਦੇ ਕਾ ਹੀ ਕਰਨ ਦਾ ਉਪਦੇਸ਼ ਦਿੱਤਾ। ਗੁਰਬਾਣੀ ਵਿਚ ਗੁਰਮਤਿ ਅਨੁਸਾਰ ਆਦਰਸ਼ਕ ਮਨੁੱਖ ਨੂੰ ਸਚਿਆਰ, ਗੁਰਮੁਖ, ਪੰਚ ਤੇ ਬ੍ਰਹਮ ਗਿਆਨੀ ਦੀ ਸੰਗਿਆ ਦਿੱਤੀ ਗਈ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਗੁਰਮਤਿ ਵਿਚਾਰ ਪ੍ਰਣਾਲੀ ਅਨੁਸਾਰ ਉਸੇ ਆਦਰਸ਼ਕ ਮਨੁੱਖ ਨੂੰ ਖਾਲਸੇ ਦਾ ਰੂਪ ਦਿੱਤਾ। ਸੰਨ 1699 ਈ: ਦੇ ਵਿਚ ਖਾਲਸੇ ਨੂੰ ਪ੍ਰਗਟ ਕਰਕੇ ਇਕ ਸੁਤੰਤਰ ਤੇ ਸੰਪੂਰਨ ਮਨੁੱਖ ਦਾ ਆਦਰਸ਼ ਸਾਹਮਣੇ ਰੱਖਿਆ। ਖਾਲਸਾ ਸੰਤ ਸਿਪਾਹੀ ਹੈ, ਜੋ ਆਤਮ-ਗਿਆਨੀ ਹੋਣ ਦੇ ਨਾਲ-ਨਾਲ ਧਰਮ ਤੇ ਨਿਆਂ ਦੀ ਰਾਖੀ ਲਈ ਜੂਝਦਾ ਵੀ ਹੈ। ਖਾਲਸਾ ਸਿੱਧਾ ਵਾਹਿਗੁਰੂ ਜੀ ਕੇ ਅਧੀਨ ਹੈ ਅਤੇ ਇਸ ਦੀ ਫ਼ਤਹਿ ਵੀ ਵਾਹਿਗੁਰੂ ਜੀ ਦੀ ਹੀ ਮੰਨੀ ਜਾਂਦੀ ਹੈ। ਇਹ ਅਕਾਲ ਪੁਰਖ ਦੀ ਫ਼ੌਜ ਹੈ ਅਤੇ ਇਸਦੀ ਸਾਜਨਾ ਵੀ ਅਕਾਲ ਪੁਰਖ ਦੀ ਇੱਛਾ ਅਨੁਸਾਰ ਹੋਈ ਹੈ। ਬੜਾ ਸੋਹਣਾ ਫ਼ੁਰਮਾਨ ਹੈ:
ਖਾਲਸਾ ਅਕਾਲ ਪੁਰਖ ਕੀ ਫੌਜ
ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ
ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਗੁਰੂਤਾ ਗੱਦੀ ‘ਤੇ ਬੈਠ ਕੇ ਉਹ ਕਾਰਨਾਮੇ ਕਰ ਵਿਖਾਏ, ਜੋ ਰਹਿੰਦੀ ਦੁਨੀਆਂ ਤੱਕ ਕਿਸੇ ਨੇ ਨਹੀਂ ਕੀਤੇ। ਪੁਰਾਤਨ ਕਾਲ ਤੋਂ ਗੁਰੂ ਪਰੰਪਰਾ ਮਨੁੱਖੀ ਰੂਪ ਵਿਚ ਚਲਦੀ ਆ ਰਹੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰ ਇਕ ਮਹਾਨ ਪਰਿਵਰਤਨ ਲਿਆਂਦਾ। ਉਹਨਾਂ ਨੇ ਮਨੁੱਖ ਦੀ ਥਾਂ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ। ਇਸ ਕਰਕੇ ਸਿੱਖਾਂ ਦੇ ਵਿਚ ਗੁਰਬਾਣੀ ਦਾ ਬਹੁਤ ਅਦਬ-ਸਤਿਕਾਰ ਰੱਖਿਆ ਜਾਂਦਾ ਸੀ। ਗੁਰੂ ਅਰਜਨ ਸਾਹਿਬ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਅਤੇ ਇਸਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੀ ਅਨੂਠੀ ਇਮਾਰਤ ਵਿਚ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਇਸ ਪਾਵਨ ਗ੍ਰੰਥ ਦੀ ਬੀੜ, ਦੁਬਾਰਾ ਤਲਵੰਡੀ ਸਾਬੋਂ, ਜੋ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਪਵਿੱਤਰ ਨਾਮ ਨਾਲ ਪ੍ਰਸਿੱਧ ਹੈ, ਤਿਆਰ ਕਰਵਾਈ ਅਤੇ ਇਸ ਨੂੰ ਸੰਪੂਰਨ ਕੀਤਾ। ਨਾਂਦੇੜ ਦੀ ਧਰਤੀ ਉੱਤੇ ਗੁਰੂ ਜੀ ਨੇ ਅੱਗੇ ਲਈ ਸਿੱਖਾਂ ਦਾ ਗੁਰੂ, ਸਦਾ ਵਾਸਤੇ ‘ਗ੍ਰੰਥ ਸਾਹਿਬ’ ਨੂੰ ‘ਸ਼ਬਦ ਰੂਪ’ ਵਿਚ ਥਾਪ ਦਿੱਤਾ।
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਇਕ ਧਾਰਮਿਕ ਆਗੂ ਅਤੇ ਵਿਦਵਾਨ ਹੋਣ ਦੇ ਨਾਲ-ਨਾਲ ਮਹਾਨ ਯੋਧੇ ਤੇ ਜਰਨੈਲ ਵੀ ਸਨ। ਉਹਨਾਂ ਨੇ ਸਿੱਖਾਂ ਵਿਚ ਚੜ੍ਹਦੀ ਕਲਾ ਦਾ ਸੰਚਾਰ ਵੀ ਕੀਤਾ। ਅਨੰਦਪੁਰ ਵਿਚ ਕਿਲ੍ਹੇ ਬਣਾਏ। ਹਾਥੀ, ਘੋੜੇ ਤੇ ਸ਼ਸਤਰ ਇਕੱਤਰ ਕਰਨ ਲੱਗੇ। ਰਣਜੀਤ ਨਗਾਰੇ ਦੀ ਚੋਟ ‘ਤੇ ਰੋਜ਼ ਦੀਵਾਨਾਂ ਦੀ ਆਰੰਭਤਾ ਹੋਣ ਲੱਗੀ। ਇੰਨਾ ਹੀ ਨਹੀਂ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਜਿਥੇ ਸਿੱਖ ਧਰਮ ਤੇ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਉਥੇ ਸ਼ਹਾਦਤਾਂ ਦਾ ਦੌਰ ਵੀ ਅੱਖੀਂ ਵੇਖਿਆ। ਆਪਣੇ ਪੁੱਤਰਾਂ ਦੀ ਹੁੰਦੀ ਸ਼ਹਾਦਤ ਨੂੰ ਅੱਖੀਂ ਵੇਖਿਆ। ਇੰਨਾ ਹੀ ਨਹੀਂ, ਪਿਆਰੇ ਗੁਰੂ ਕੇ ਮਰਜੀਵੜਿਆਂ ਦੀ ਸ਼ਹਾਦਤ ਨੂੰ ਆਪਣੀ ਅੱਖੀਂ ਵੇਖਿਆ, ਪਰੰਤੂ ਫਿਰ ਵੀ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ, ਪਰਮਾਤਮਾ ਦੇ ਭਾਣੇ ਵਿਚ ਰਹਿ ਕੇ ਉਸ ਪਰਮਾਤਮਾ ਨਾਲ ਕੋਈ ਗਿਲ੍ਹਾ, ਕੋਈ ਸ਼ਿਕਵਾ ਨਹੀਂ ਕੀਤਾ ਤੇ ਅਖ਼ੀਰ ਤੇ ਇਹੀ ਬਚਨ ਆਖੇ ਸਨ:
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦੇ ਓਢਣ ਨਾਗ ਨਿਵਾਸਾਂ ਦੇ ਰਹਿਣਾ॥