22 ਦਸੰਬਰ 7 ਪੋਹ ਦਾ ਇਤਿਹਾਸ – ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ
22 ਦਸੰਬਰ ਅੰਮ੍ਰਿਤ ਵੇਲੇ ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਆਉ ਸੰਖੇਪ ਝਾਤ ਮਾਰੀਏ ਗੁਰ ਇਤਿਹਾਸ ਤੇ ਜੀ।
ਸਰਸਾ ਦੇ ਕੰਢੇ ਤੇ ਲੜਾਈ
ਜਦੋਂ ਅਨੰਦਪੁਰ ਸਾਹਿਬ ਲੜਾਈ ਸ਼ੁਰੂ ਹੋਈ ਸੀ ਗੁਰੂ ਸਾਹਿਬ ਕੋਲ 10000 ਫੌਜ਼ ਸੀ ਹੁਣ ਸਿਰਫ 1500 -1600 ਰਹਿ ਗਏ , ਉਸ ਵਿਚੋਂ ਵੀ ਭੁਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਚੁਕੇ ਸੀ। ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ ਦੀ ਸੇਵਾ ਭਾਈ ਗੁਰਬਖਸ਼ ਉਦਾਸੀ ਨੂੰ ਸੌਪ ਕੇ ਅਧੀ ਰਾਤੀ ਕਿਲਾ ਖਾਲੀ ਕਰ ਦਿਤਾ। 1500-1600 ਸਿਖ 21 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਉਸਦੀ ਦਾਦ ਜਾਲਮ ਤੇ ਲੁਟੇਰੇ ਵੀ ਦੇ ਰਹੇ ਸੀ। ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ, ਕਿ ਮੁਗਲਾਂ ਨੇ ਬੜੀ ਬੇਰਹਿਮੀ ਤੇ ਬੇਹਆਈ ਨਾਲ ਕਸਮਾਂ ਵਾਇਦੇ ਛਿਕੇ ਟੰਗ ਕੇ ਥਕੇ ਟੁੱਟੇ, ਭੁਖੇ ਭਾਣੇ ਗਿਣਤੀ ਦੇ ਸਿਖਾਂ ਤੇ ਟੁਟ ਪਏ। ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿਖਾਂ ਨੇ ਇਨ੍ਹਾ ਨੂੰ ਇਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪੁਜ ਸਕਣ। ਸ਼ਾਹੀ ਟਿਬੀ, ਸਰਸਾ ਦੇ ਕੰਢੇ, ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜਰਨੈਲ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ, ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ।
ਗੋਲੀਆਂ ਵਰ ਰਹੀਆਂ ਸਨ, ਤੀਰ ਚਲ ਰਹੇ ਸਨ, ਗੁਰੂ ਸਾਹਿਬ ਦੇ ਨਿਤਨੇਮ ਦਾ ਵਕਤ ਹੋ ਗਿਆ ਸੀ। ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ। ਕੋਟਲਾ ਨਿਹੰਗ ਸਿੰਘ ਸੰਗਤਾ ਦੀ ਰਾਖੀ ਕਰ ਰਹੇ ਸੀ। ਭਿੰਆਨਕਤਾ ਚਰਮ ਸੀਮਾ ਤਕ ਪਹੁੰਚ ਚੁਕੀ ਸੀ, ਪੰਜਾਬ ਦੀਆ ਠੰਡੀਆਂ ਰਾਤਾਂ, ਬਾਰਸ਼, ਝਖੜ, ਮੀਹ ਵਰਗੀਆਂ ਗੋਲੀਆਂ ਦੀ ਬੁਛਾੜ, ਪਿਛੇ ਲਖਾਂ ਦੀ ਫੌਜ਼, ਚੜ ਆਈ ਸਰਸਾ ਜਿਸ ਨੂੰ ਪਾਰ ਕਰਨਾ ਸੀ, ਦੇ ਵਿਚ ਤਿਲਕਦੀਆਂ ਜਾਨਾਂ , ਜਿਨਾਂ ਵਿਚ ਕਈ ਸ਼ਹੀਦ ਹੋਏ , ਕਈ ਡੁਬੇ, , ਮਸਾਂ ਕੁਝ ਕੁ ਸਿੰਘ ਬਰ੍ਫੀਲੇ ਪਾਣੀ ਦੀ ਫੇਟ ਤੋ ਬਚਕੇ ਪਾਰ ਹੋਏ ਪਰ ਅਜਿਹੇ ਖੇਰੂੰ ਖੇਰੂੰ ਹੋਏ ਕਿ ਆਪਸ ਵਿਚ ਉਨ੍ਹਾ ਦਾ ਮੇਲ ਨਾ ਹੋ ਸਕਿਆ। ਮਾਤਾ ਗੁਜਰ ਕੌਰ ਤੇ ਦੋ ਸਾਹਿਬਜਾਦੇ ਗੰਗੂ ਬ੍ਰਾਹਮਣ ਨਾਲ ਸਰਹੰਦ ਵਲ ਨਿਕਲ ਗਏ। ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਤੇ ਪੰਜ ਹੋਰ ਸਿੰਘਾਂ ਦੀ ਮੋਹਾੜ ਦਿਲੀ ਵਾਲੇ ਪਾਸੇ ਹੋ ਗਈ। ਬਹੁਤ ਸਾਰਾ ਸਮਾਨ ਜਿਸ ਵਿਚ ਸਾਲਾਂ ਦੀ ਕੀਤੀ ਮੇਹਨਤ ਦੇ ਨਾਲ ਨਾਲ ਕਈ ਗਰੰਥ ਵੀ ਰੁੜ ਗਏ। ਨੋਂ ਮਣ ਦੇ ਕਰੀਬ ਗੁਰੂ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਨਾਲ ਹੋਰ ਵੀ ਸਹਿਤ ਸਰਸਾ ਨਦੀ ਦੀ ਭੇਟ ਚੜ ਗਿਆ।
ਪਰਿਵਾਰ ਵਿਚ ਵਿਛੋੜਾ ਪੈ ਗਿਆ, ਤਿੰਨ ਥਾਈਂ ਵੰਡੇ ਗਏ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ।
ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ…ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ। ਸਾਹਿਬਜ਼ਾਦਿਆਂ ਦੀ ਮਾਤਾਵਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।
ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ, ਜਿਸ ਦੇ ਦਰਸ਼ਨ ਹਰ ਇੱਕ ਨੂੰ ਕਰਨੇ ਚਾਹੀਦੇ ਹਨ। ਉੱਥੇ ਜਾ ਕੇ ਤੇ ਆਲਾ-ਦੁਆਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜਿਹੇ ਹੋਣਗੇ ਉਹ ਦਿਨ, ਜਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋਏ।
ਗੁਰੂ ਸਾਹਿਬ ਆਪਣੇ ਦੋਨੋ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਕੁਛ ਸਿੰਘਾਂ ਨਾਲ ਵਸਦੇ ਮੀਹ, ਭਿਜੇ ਹੋਏ ਕਪੜੇ, ਥਕੇ, ਭੁਖੇ ਸਰੀਰਾਂ ਨੂੰ ਠੇਲਦੇ ਰੋਪੜ ਪਹੁੰਚੇ ਜਿਥੇ ਉਥੋਂ ਦੇ ਪਠਾਣਾ ਨੇ ਉਨ੍ਹਾ ਦਾ ਤਲਵਾਰਾਂ ਨਾਲ ਸਵਾਗਤ ਕੀਤਾ। ਮੁਕਾਬਲਾ ਕਰਦੇ ਕਰਦੇ ਓਹ ਚਮਕੌਰ ਦੀ ਗੜੀ ਤਕ ਪਹੁੰਚ ਗਏ। ਇਥੋਂ ਦੇ ਜ਼ਮੀਦਾਰ ਚੌਧਰੀ ਬੁਧੀ ਚੰਦ ਨੇ ਆਪਜੀ ਨੂੰ ਬੇਨਤੀ ਕੀਤੀ ਕਿ ਖੁਲੇ ਮੈਦਾਨ ਨਾਲੋਂ ਗੜੀ ਵਿਚ ਕੁਝ ਬਚਾਓ ਹੋ ਜਾਏਗਾ। ਕੁਰਕਸ਼ੇਤਰ ਤੋਂ ਮੁੜਦਿਆਂ ਵੀ ਓਹ ਇਸੇ ਹਵੇਲੀ ਵਿਚ ਠਹਿਰੇ ਸੀ। ਗੁਰੂ ਸਾਹਿਬ ਨੇ ਇਥੇ ਰੁਕਣ ਤੇ ਆਖਰੀ ਦਮ ਤਕ ਝੂਝਣ ਦਾ ਫੈਸਲਾ ਕਰ ਲਿਆ। ਗੁਰੂ ਸਾਹਿਬ ਦਾ ਕਾਫਲਾ ਚਮਕੌਰ ਦੇ ਆਸ ਪਾਸ ਪਹੁੰਚ ਗਿਆ ਹੈ ਇਹ ਖਬਰ ਸਰਹੰਦ ਤਕ ਪਹੁੰਚ ਗਈ। ਨਵਾਬ ਨੇ ਤੁਰੰਤ ਆਪਣੀ ਸੈਨਾ ਚਮਕੌਰ ਸਾਹਿਬ ਵਲ ਭੇਜ ਦਿਤੀ ਤਾਕਿ ਰਾਤੋ ਰਾਤ ਗੁਰੂ ਸਾਹਿਬ ਨੂੰ ਘੇਰ ਕੇ ਪਕੜ ਲਿਆ ਜਾਏ ਰਸਤੇ ਵਿਚੋਂ ਪਿੰਡਾ ਦੇ ਅਨੇਕ ਮੁਲਖਈਆਂ ਨੂੰ ਇਕਠਾ ਕਰ ਲਿਆ।