ਪੰਜਾਬ ਵਿੱਚ ਸੜਕ ਹਾਦਸਿਆ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਘਟਨਾ ਜਲਾਲਾਬਾਦ ਹਲਕੇ ਦੇ ਫਿਰੋਜ਼ਪੁਰ ਰੋਡ ਤੇ ਪਿੰਡ ਅਮੀਰ ਖਾਸ ਪੈਟਰੋਲ ਪੰਪ ਨਜ਼ਦੀਕ ਵਾਪਰਿਆ ਹੈ।
ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਫਿਰੋਜ਼ਪੁਰ ਰੋਡ ਤੇ ਪਿੰਡ ਅਮੀਰ ਖਾਸ ਪੈਟਰੋਲ ਪੰਪ ਨਜ਼ਦੀਕ ਇੱਕ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ਦੇ ਵਿੱਚ ਕਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ। ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਦੋ ਲੋਕ ਸਵਾਰ ਸਨ ਜਿਨਾਂ ਦੇ ਵਿੱਚੋਂ ਇੱਕ ਦਾ ਵਿਆਹ ਸੀ ਅਤੇ ਉਹ ਆਪਣੀ ਘਰ ਘੜੋਲੀ ਦੇ ਪ੍ਰੋਗਰਾਮ ਲਈ ਸਮਾਨ ਖਰੀਦਣ ਖੁਦ ਜਲਾਲਾਬਾਦ ਪਹੁੰਚਿਆ ਸੀ ਅਤੇ ਆਪਣੇ ਸਾਥੀ ਸਮੇਤ ਖਰੀਦ ਫਰੋਖਤ ਕਰਨ ਤੋਂ ਬਾਅਦ ਵਾਪਸ ਪਰਤ ਰਿਹਾ ਸੀ।
ਇੰਨੇ ਵਿੱਚ ਅਮੀਰ ਖਾਸ ਲਾਗੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਕਾਰ ਦੇ ਨਾਲ ਉਸਦੇ ਮੋਟਰਸਾਈਕਲ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਦੋਨੇ ਜ਼ਖ਼ਮੀ ਹੋ ਜਾਂਦੇ ਹਨ। ਮੌਕੇ ਉੱਤੇ ਪਹੁੰਚੇ ਥਾਣਾ ਅਮੀਰ ਖਾਸ ਦੇ ਮੁੱਖ ਮੁੰਛੀ ਅਭਿਸ਼ੇਕ ਸ਼ਰਮਾ ਦੇ ਵੱਲੋਂ ਇਨਸਾਨੀਅਤ ਦਿਖਾਉਂਦੇ ਹੋਏ ਬੀਐਸਐਫ ਦੀ ਮਦਦ ਦੇ ਨਾਲ ਜ਼ਖ਼ਮੀ ਲੋਕਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਵਿੱਚ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਦੂਜੇ ਦਾ ਇਲਾਜ ਚੱਲ ਰਿਹਾ ਹੈ।